ਮੁੰਬਈ, 2 ਅਪਰੈਲ
ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਜੇ ਕਰੋਨਾਵਾਇਰਸ ਦੇ ਕੇਸ ਲਗਾਤਾਰ ਇਸੇ ਤਰ੍ਹਾਂ ਸਾਹਮਣੇ ਆਉਂਦੇ ਰਹੇ ਤੇ ‘ਸਥਿਤੀ ਹੰਗਾਮੀ’ ਬਣੀ ਰਹੀ ਤਾਂ ਸੂਬੇ ਦਾ ਸਿਹਤ ਸੰਭਾਲ ਢਾਂਚਾ ਘੱਟ ਪੈ ਸਕਦਾ ਹੈ। ਸੋਸ਼ਲ ਮੀਡੀਆ ’ਤੇ ਸੂਬੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਠਾਕਰੇ ਨੇ ਨਾਲ ਹੀ ਕਿਹਾ ਕਿ ਇਕ-ਦੋ ਦਿਨਾਂ ਵਿਚ ਸਖ਼ਤ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ ਤਾਂ ਕਿ ਕੋਵਿਡ ਦੇ ਕੇਸ ਵਧਣ ਤੋਂ ਰੋਕੇ ਜਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 65 ਲੱਖ ਕੋਵਿਡ ਵੈਕਸੀਨ ਲਾਏ ਜਾ ਚੁੱਕੇ ਹਨ। ਠਾਕਰੇ ਨੇ ਕਿਹਾ ਕਿ ਕਈ ਲੋਕ ਟੀਕਾ ਲਵਾ ਕੇ ਵੀ ਲਾਗ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਉਹ ਮਾਸਕ ਨਹੀਂ ਪਹਿਨ ਰਹੇ। ਉਨ੍ਹਾਂ ਕਿਹਾ ਕਿ ਜੇ ਸਥਿਤੀ ਇਸੇ ਤਰ੍ਹਾਂ ਬਣੀ ਰਹੀ ਤਾਂ ਲੌਕਡਾਊਨ ਵੀ ਲਾਉਣਾ ਪੈ ਸਕਦਾ ਹੈ। -ਪੀਟੀਆਈ