ਦੁਰਗਾਪੁਰ, 23 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਬੈਠਕ ਦਾ ਸੱਦਾ ਮਿਲਦਾ ਤਾਂ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਹੋਈ ਬੈਠਕ ’ਚ ਹਿੱਸਾ ਲੈਂਦੀ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ਉਸ ਨੂੰ ਪਤਾ ਲੱਗਾ ਸੀ ਕਿ ਕਰੋਨਾ ਦੀ ਲਾਗ ਤੋਂ ਸਭ ਤੋਂ ਪ੍ਰਭਾਵਿਤ ਸੂਬਿਆਂ ਲਈ ਮੀਟਿੰਗ ਹੋ ਰਹੀ ਹੈ ਪਰ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਦੋਸ਼ ਲਾਇਆ ਕਿ ਕੇਂਦਰ ਦੇ ਰਵੱਈਏ ਕਾਰਨ ਮੌਜੂਦਾ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਨੂੰ ਮੁਫ਼ਤ ਵੈਕਸੀਨ ’ਚੋਂ 60 ਫ਼ੀਸਦ ਹਿੱਸਾ ਦਿੱਤਾ ਗਿਆ ਜਦਕਿ ਬਾਕੀ ਸੂਬਿਆਂ ਨੂੰ ਮਾਮੂਲੀ ਹਿੱਸਾ ਹੀ ਮਿਲਿਆ। ਉਨ੍ਹਾਂ ਕਿਹਾ ਕਿ ਕੇਂਦਰ ਨੂੰ 20 ਹਜ਼ਾਰ ਕਰੋੜ ਰੁਪਏ ਖ਼ਰਚ ਕਰਕੇ ਹਰੇਕ ਨਾਗਰਿਕ ਦੇ ਮੁਫ਼ਤ ਟੀਕਾਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਮਮਤਾ ਨੇ ਕਿਹਾ,‘‘ਭਾਜਪਾ ਆਗੂਆਂ ਨੇ ਚੋਣਾਂ ਜਿੱਤਣ ਦੀ ਸਾਜ਼ਿਸ਼ ਘੜਨ ਅਤੇ ਬੰਗਾਲ ਦੇ ਵੋਟਰਾਂ ਨੂੰ ਨਕਦੀ ਦੀ ਪੇਸ਼ਕਸ਼ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਹਨ ਤਾਂ ਕੀ ਉਹ ਹਰੇਕ ਭਾਰਤੀ ਦੀ ਸਿਹਤ ਲਈ 20 ਹਜ਼ਾਰ ਕਰੋੜ ਰੁਪਏ ਖ਼ਰਚ ਨਹੀਂ ਕਰ ਸਕਦੀ?’’ ਉਨ੍ਹਾਂ ਕਿਹਾ ਕਿ ਸੂਬਾ ਹਸਪਤਾਲ ’ਚ ਆਕਸੀਜਨ ਸਿਲੰਡਰ ਖ਼ਰੀਦਣ ਲਈ ਵਾਧੂ 5 ਹਜ਼ਾਰ ਰੁਪਏ ਨਹੀਂ ਦੇਵੇਗਾ। ਉਨ੍ਹਾਂ ਕੇਂਦਰ ’ਤੇ ਪੱਛਮੀ ਬੰਗਾਲ ਪ੍ਰਤੀ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਦਾ ਦੋਸ਼ ਵੀ ਲਾਇਆ। ਚੋਣ ਕਮਿਸ਼ਨ ਵੱਲੋਂ ਰੋਡ ਸ਼ੋਅਜ਼ ਅਤੇ ਰੈਲੀਆਂ ਕੱਢਣ ’ਤੇ ਰੋਕ ਲਾਉਣ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਤ੍ਰਿਣਮੂਲ ਕਾਂਗਰਸ ਨੇ ਪਹਿਲਾਂ ਹੀ ਨੇਮਾਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ ਸੀ। -ਪੀਟੀਆਈ