ਪਣਜੀ, 4 ਫਰਵਰੀ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਾਂਗਰਸ ’ਤੇ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਜੇਕਰ ਇਸ ਪਾਰਟੀ ਨੇ ਲੋਕਾਂ ਲਈ ਕੰਮ ਕੀਤੇ ਹੁੰਦੇ ਤਾਂ ਉਨ੍ਹਾਂ ਵਰਗੇ ਵਿਅਕਤੀ ਦੀ ਸਿਆਸਤ ’ਚ ਕੋਈ ਲੋੜ ਨਹੀਂ ਸੀ। ਕੇਜਰੀਵਾਲ ਨੇ ਕਿਹਾ ਕਿ ਉਹ ਕਾਂਗਰਸ ਵੱਲੋਂ ਉਨ੍ਹਾਂ ਨੂੰ ‘ਛੋਟਾ ਮੋਦੀ’ ਕਹੇ ਜਾਣ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਲਈ ਭੂਤ ਬਣ ਗਏ ਹਨ, ਜੋ ਉਨ੍ਹਾਂ ਨੂੰ ਸੁਪਨਿਆਂ ’ਚ ਆ ਕੇ ਡਰਾਉਂਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਅਜੇ ਇਕ ਦਿਨ ਪਹਿਲਾਂ ਕੇਜਰੀਵਾਲ ਨੂੰ ‘ਛੋਟਾ ਮੋਦੀ’ ਕਰਾਰ ਦਿੱਤਾ ਸੀ। ਸੁਰਜੇਵਾਲਾ ਨੇ ਕਿਹਾ ਸੀ ਕਿ ਕੇਜਰੀਵਾਲ ਸਾਹਿਲੀ ਸੂਬੇ ਵਿੱਚ ਆਧਾਰ ‘ਗੁਆ’ ਰਹੀ ਸੱਤਾਧਾਰੀ ਭਾਜਪਾ ਨੂੰ ‘ਕਵਰਿੰਗ ਫਾਇਰ’ ਦੇਣ ਲਈ ਗੋਆ ਆਏ ਹਨ। ਗੋਆ ਵਿੱਚ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ।
ਕੇਜਰੀਵਾਲ ਨੇ ਸੁਰਜੇਵਾਲਾ ਦੇ ਬਿਆਨ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਦੱਸਿਆ, ‘‘ਉਹ ਜੋ ਕਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਹਿਣ ਦਿਓ। ਇਸ ਦੇ ਨਾਲ ਕੀ ਫ਼ਰਕ ਪੈਂਦਾ ਹੈ? ਅਸਲ ਵਿੱਚ ਉਨ੍ਹਾਂ (ਸੁਰਜੇਵਾਲਾ) ਦੇ ਸੁਪਨਿਆਂ ਵਿੱਚ ਵੀ ਉਹ ਮੈਨੂੰ ਭੂਤ ਵਾਂਗ ਵੇਖਦੇ ਹਨ। ਸਾਰਾ ਸਮਾਂ, 24 ਘੰਟੇ, ਮੈਂ ਉਨ੍ਹਾਂ ਦੇ ਦਿਮਾਗ ਵਿੱਚ ਰਹਿੰਦਾ ਹਾਂ। ਉਹ (ਕਾਂਗਰਸੀ ਆਗੂ) ਪਿੱਠ ਪਿੱਛੇ ਮੇਰੀ ਨੁਕਤਾਚੀਨੀ ਕਰਦੇ ਰਹਿੰਦੇ ਹਨ।’’ ਦਿੱਲੀ ਦੇ ਮੁੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਉਨ੍ਹਾਂ ਬਾਰੇ ਮੰਦਾ ਚੰਗਾ ਬੋਲਣ ਦੀ ਥਾਂ ਲੋਕਾਂ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਉਨ੍ਹਾਂ ਲੋਕਾਂ ਲਈ ਕੰਮ ਕੀਤਾ ਹੁੰਦਾ ਤਾਂ ਕੇਜਰੀਵਾਲ ਦੀ ਸਿਆਸਤ ’ਚ ਕੋਈ ਲੋੜ ਨਹੀਂ ਸੀ।’’ ‘ਆਪ’ ਆਗੂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਪਾਰਟੀ ਨੂੰ ‘ਚੰਗੇ ਕੰਮਾਂ’ ਲਈ ਵੋਟ ਪਾਉਂਦੇ ਹਨ। ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸੀ ਉਮੀਦਵਾਰਾਂ ਵੱਲੋਂ ਗੋਆ ਵਿੱਚ ਪਾਰਟੀ ਪ੍ਰਤੀ ਵਫ਼ਾਦਾਰ ਰਹਿਣ ਦਾ ਹਲਫ਼ ਲੈਣ ਤੇ ਹਲਫ਼ਨਾਮੇ ’ਤੇ ਸਹੀ ਪਾਉਣ ਬਾਰੇ ਪੁੱਛੇ ਜਾਣ ’ਤੇ ਕੇਜਰੀਵਾਲ ਨੇ ਕਿਹਾ ਉਹ ਕਾਂਗਰਸ ਵੱਲੋਂ ‘ਆਪ’ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਦੀ ਨਕਲ ਮਾਰੇ ਜਾਣ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ, ‘‘ਉਨ੍ਹਾਂ (ਗਾਂਧੀ) ਨੂੰ ਸਾਡੀਆਂ ਚੰਗੀਆਂ ਗੱਲਾਂ ਦੀ ਨਕਲ ਮਾਰਨ ਦਿਉ। ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਰਾਜਸਥਾਨ ਤੇ ਛੱਤੀਸਗੜ੍ਹ ਜਿਹੇ ਰਾਜਾਂ, ਜਿੱਥੇ ਉਹ ਸੱਤਾ ਵਿੱਚ ਹੈ, ਵਿੱਚ ਸਾਡੀਆਂ ਸਕੀਮਾਂ ਨੂੰ ਲਾਗੂ ਕਰੇ। ਕਾਂਗਰਸ ਨੂੰ ਚੰਗਾ ਕੰਮ ਕਰਨ ਦੇਈਏ, ਫਿਰ ਮੈਨੂੰ ਸਿਆਸੀ ਪਾਰਟੀ ਚਲਾਉਣ ਦੀ ਕੋਈ ਲੋੜ ਨਹੀਂ ਪਏਗੀ।’’ -ਪੀਟੀਆਈ
‘ਆਪ’ ਵੱਲੋਂ ਐੱਸਟੀ ਭਾਈਚਾਰੇ ਲਈ ਅੱਠ ਨੁਕਾਤੀ ਕਾਰਜ ਯੋਜਨਾ ਦਾ ਐਲਾਨ
ਪਣਜੀ: ਗੋਆ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਨੇੇ ਸੂਬੇ ਵਿੱਚ ਅਨੁਸੂਚਿਤ ਕਬਲਿਆਂ (ਐੱਸਟੀ) ਦੀ ਭਲਾਈ ਲਈ ਅੱਠ ਨੁਕਾਤੀ ਕਾਰਜ ਯੋਜਨਾ ਦਾ ਐਲਾਨ ਕੀਤਾ ਹੈ। ਪਾਰਟੀ ਨੇ ਕਿਹਾ ਕਿ ਉਹ ਭਾਈਚਾਰੇ ਨਾਲ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਗਏ ਅਨਿਆਂ ਨੂੰ ਖਤਮ ਕਰੇਗੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 14 ਫਰਵਰੀ ਦੀਆਂ ਚੋਣਾਂ ਮਗਰੋਂ ਜੇਕਰ ਉਨ੍ਹਾਂ ਦੀ ਪਾਰਟੀ ਗੋਆ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਐੱਸਟੀ ਭਾਈਚਾਰੇ ਦੇ ਲੋਕਾਂ ਨੂੰ ਮੁਫ਼ਤ ਸਿੱਖਿਆ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਏਗੀ ਅਤੇ ਉਨ੍ਹਾਂ ਨੂੰ ਨੌਕਰੀਆਂ ਵਿੱਚ ਵੀ ਪਹਿਲ ਮਿਲੇਗੀ। ਉਨ੍ਹਾਂ ਦੋਸ਼ ਲਾਇਆ ਕਿ ਗੋਆ ਵਿੱਚ ਸਰਕਾਰਾਂ ਵੱਲੋਂ ਸੰਵਿਧਾਨ ਦੀ ਉਲੰਘਣਾ ਅਤੇ ਕਾਨੂੰਨ ਦੀ ਵਰਤੋਂ ਐੱਸਟੀ ਭਾਈਚਾਰੇ ਨੂੰ ਹੱਕਾਂ ਤੋਂ ਵਾਂਝਿਆ ਕਰਨ ਲਈ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ, ‘‘ਪਰ, ‘ਆਪ’ ਪਿਛਲੀਆਂ ਸਰਕਾਰਾਂ ਵੱਲੋਂ ਇਸ ਭਾਈਚਾਰੇ ਨਾਲ ਕੀਤੇ ਗਏ ਅਨਿਆਂ ਨੂੰ ਖਤਮ ਕਰੇਗੀ।’’ ਅੱਠ ਨੁਕਾਤੀ ਕਾਰਜ ਯੋਜਨਾ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਬਣਨ ’ਤੇ ਸੂਬੇ ਦੇ ਬਜਟ ਦਾ 12.5 ਫ਼ੀਸਦ ਹਿੱਸਾ ‘ਟਰਾਈਬਲ ਸਬ ਪਲਾਨ’ ਤਹਿਤ ਐੱਸਟੀ ਭਾਈਚਾਰੇ ਲਈ ਖਰਚਿਆ ਜਾਵੇਗਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਐੱਸਟੀ ਭਾਈਚਾਰੇ ਦੀਆਂ ਲਗਪਗ 3 ਹਜ਼ਾਰ ਅਸਾਮੀਆਂ ਖਾਲੀ ਪਈਆਂ ਹਨ। -ਪੀਟੀਆਈ