ਨਵੀਂ ਦਿੱਲੀ, 7 ਜੁਲਾਈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਥਾਈਲੈਂਡ, ਰੋਮਾਨੀਆ, ਤੁਰਕੀ ਤੇ ਕਜ਼ਾਖ਼ਸਤਾਨ ਦੇ ਰਾਜਦੂਤਾਂ ਦੇ ਪਛਾਣ ਪੱਤਰ ਡਿਜੀਟਲ ਢੰਗ ਨਾਲ ਕਰਵਾਏ ਗਏ ਇਕ ਸਮਾਰੋਹ ਦੌਰਾਨ ਪੇਸ਼ ਕੀਤੇ ਗਏ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਅਨੁਸਾਰ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪਛਾਣ ਪੱਤਰ ਸੌਂਪਣ ਵਾਲਿਆਂ ਵਿਚ ਥਾਈਲੈਂਡ ਦੇ ਰਾਜਦੂਤ ਪੱਟਾਰਤ ਹੌਂਗਟੌਂਗ, ਰੋਮਾਨੀਆ ਦੀ ਰਾਜਦੂਤ ਡੈਨੀਅਲਾ ਮਾਰੀਆਨਾ ਸੈਜ਼ੋਨੋਵ ਟਾਨੇ, ਕਜ਼ਾਖ਼ਸਤਾਨ ਦੇ ਰਾਜਦੂਤ ਨੂਰਲਾਨ ਜ਼ਾਲਗਾਸਬਾਯੇਵ ਅਤੇ ਤੁਰਕੀ ਦੇ ਰਾਜਦੂਤ ਫਿਰਾਤ ਸੁਨੇਲ ਸ਼ਾਮਲ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੌਕੇ ਰਾਸ਼ਟਰਪਤੀ ਨੇ ਸਾਰੇ ਰਾਜਦੂਤਾਂ/ਹਾਈ ਕਮਿਸ਼ਨਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਰਾਸ਼ਟਰਪਤੀ ਨੇ ਕਿਹਾ, ‘‘ਭਾਰਤ ਦੇ ਇਨ੍ਹਾਂ ਸਾਰੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਹਨ ਅਤੇ ਸਾਡੇ ਰਿਸ਼ਤੇ ਸ਼ਾਂਤੀ ਤੇ ਖੁਸ਼ਹਾਲੀ ਦੀ ਸਾਂਝੀ ਸੋਚ ’ਤੇ ਆਧਾਰਿਤ ਹਨ।’’
ਰਾਸ਼ਟਰਪਤੀ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਡੀ ਸਮੂਹਿਕ ਸਿਹਤ ਤੇ ਆਰਥਿਕ ਬਿਹਤਰੀ ਯਕੀਨੀ ਬਣਾਉਣ ਲਈ ਭਾਰਤ ਕੋਵਿਡ-19 ਮਹਾਮਾਰੀ ਖਿਲਾਫ਼ ਤਾਲਮੇਲ ਤੇ ਫੈਸਲਾਕੁਨ ਕੋਸ਼ਿਸ਼ਾਂ ਵਿਚ ਅੱਗੇ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੀ ਫਾਰਮੇਸੀ ਦੇ ਰੂਪ ਵਿਚ ਭਾਰਤ ਨੇ ਕਈ ਦੇਸ਼ਾਂ ਨੂੰ ਕੋਵਿਡ-19 ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਜ਼ਰੂਰੀ ਦਵਾਈਆਂ ਤੇ ਉਪਕਰਨਾਂ ਦੀ ਸਪਲਾਈ ਕਰ ਕੇ ਸਹਿਯੋਗ ਦਿੱਤਾ ਹੈ। ਬਿਆਨ ਅਨੁਸਾਰ ਰਾਜਦੂਤਾਂ ਨੇ ਆਪੋ-ਆਪਣੀ ਲੀਡਰਸ਼ਿਪ ਵੱਲੋਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਅਤੇ ਭਾਰਤ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਸਬੰਧੀ ਵਚਨਬੱਧਤਾ ਦੁਹਰਾਈ। -ਪੀਟੀਆਈ