ਨਵੀਂ ਦਿੱਲੀ, 21 ਜਨਵਰੀ
ਸੀਆਰਪੀਐੱਫ ਵੱਲੋਂ ਜੰਗਲਾਂ ’ਚ ਦੇਸ਼ ਵਿਰੋਧੀ ਅਨਸਰਾਂ ਨਾਲ ਮੁਕਾਬਲੇ ਲਈ ਤਿਆਰ ਕੀਤੀ ਗਈ ਕਮਾਂਡੋ ਫੋਰਸ ਕੋਬਰਾ ’ਚ ਔਰਤਾਂ ਨੂੰ ਸ਼ਾਮਲ ਕਰਨ ਬਾਰੇ ਵਿਚਾਰਾਂ ਚੱਲ ਰਹੀਆਂ ਹਨ। ਫੋਰਸ ਦੇ ਮੁਖੀ ਏ ਪੀ ਮਹੇਸ਼ਵਰੀ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਔਰਤਾਂ ਨੂੰ ਕੋਬਰਾ ਕਮਾਂਡੋ ਬਟਾਲੀਅਨਾਂ ’ਚ ਸ਼ਾਮਲ ਕਰਨ ਬਾਰੇ ਪੂਰੀ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ। ਨਕਸਲ ਪ੍ਰਭਾਵਿਤ ਖੇਤਰਾਂ ਅਤੇ ਜੰਗਲਾਂ ’ਚ ਅਪਰੇਸ਼ਨਾਂ ਲਈ 2009 ’ਚ ਕੋਬਰਾ ਯੂਨਿਟ ਬਣਾਈ ਗਈ ਸੀ ਜਿਸ ’ਚ 12 ਹਜ਼ਾਰ ਤੋਂ ਵਧੇਰੇ ਜਵਾਨ ਹਨ। ਇਨ੍ਹਾਂ ’ਚੋਂ ਕੁਝ ਕਮਾਂਡੋ ਉੱਤਰ-ਪੂਰਬੀ ਸੂਬਿਆਂ ’ਚ ਵੀ ਤਾਇਨਾਤ ਕੀਤੇ ਗਏ ਹਨ। ਕੋਬਰਾ ਕਮਾਂਡੋ ਟੀਮ ਦਾ ਹਿੱਸਾ ਬਣਨ ਲਈ ਸਖ਼ਤ ਮਾਨਸਿਕ ਅਤੇ ਸਰੀਰਕ ਮਾਪਦੰਡਾਂ ’ਚੋਂ ਗੁਜ਼ਰਨਾ ਪੈਂਦਾ ਹੈ। ਸੀਆਰਪੀਐੱਫ ’ਚ 1986 ਤੋਂ ਮਹਿਲਾ ਜਵਾਨ ਹਨ ਅਤੇ ਮੌਜੂਦਾ ਸਮੇਂ ’ਚ ਉਨ੍ਹਾਂ ਦੀਆਂ ਛੇ ਬਟਾਲੀਅਨਾਂ ਹਨ। -ਪੀਟੀਆਈ