ਨਵੀਂ ਦਿੱਲੀ: ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆ ਕੌਂਸਲ ਵੱਲੋਂ ਅੱਜ ਐਲਾਨੇ ਗਏ ਬਾਰ੍ਹਵੀਂ ਜਮਾਤ (ਆਈਸੀਐੱਸਈ) ਦੇ ਨਤੀਜਿਆਂ ਵਿਚ 18 ਉਮੀਦਵਾਰਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਹਲਕੇ ਫ਼ਰਕ ਨਾਲ ਨਤੀਜਿਆਂ ਵਿਚ ਲੜਕੀਆਂ ਨੇ ਲੜਕਿਆਂ ਨੂੰ ਮਾਤ ਦਿੱਤੀ ਹੈ। 18 ਜਣਿਆਂ ਨੇ 99.75 ਪ੍ਰਤੀਸ਼ਤ ਅੰਕ ਲਏ ਹਨ ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜਾ ਸਥਾਨ 58 ਉਮੀਦਵਾਰਾਂ ਨੇ ਸਾਂਝਾ ਕੀਤਾ ਹੈ ਜਿਨ੍ਹਾਂ 99.50 ਪ੍ਰਤੀਸ਼ਤ ਅੰਕ ਲਏ ਹਨ। ਜਦਕਿ ਤੀਜੇ ਨੰਬਰ ਉਤੇ 78 ਵਿਦਿਆਰਥੀ ਰਹੇ ਹਨ ਜਿਨ੍ਹਾਂ 99.25 ਪ੍ਰਤੀਸ਼ਤ ਅੰਕ ਲਏ ਹਨ। ਕੌਂਸਲ ਨੇ ਦੋ ਸਾਲਾਂ ਬਾਅਦ ਮੈਰਿਟ ਸੂਚੀ ਐਲਾਨੀ ਹੈ। ਜਦਕਿ ਇਸ ਤੋਂ ਪਹਿਲਾਂ ਕੋਵਿਡ ਕਾਰਨ ਨਤੀਜੇ ਮੁਲਾਂਕਣ ਸਕੀਮ ਦੇ ਅਧਾਰ ਉਤੇ ਐਲਾਨੇ ਜਾਂਦੇ ਰਹੇ ਹਨ ਕਿਉਂਕਿ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਸਨ। ਲੜਕੀਆਂ ਦੇ ਪਾਸ ਹੋਣ ਦੀ ਪ੍ਰਤੀਸ਼ਤ 99.52 ਤੇ ਲੜਕਿਆਂ ਦੀ ਪਾਸ ਪ੍ਰਤੀਸ਼ਤ 99.26 ਰਹੀ ਹੈ। ਕੁੱਲ ਮਿਲਾ ਕੇ ਪਾਸ ਪ੍ਰਤੀਸ਼ਤ 99.38 ਰਹੀ ਹੈ। -ਪੀਟੀਆਈ