ਨਵੀਂ ਦਿੱਲੀ, 8 ਅਗਸਤ
ਦੇਸ਼ ’ਚ ਬਣੇ ਪਹਿਲੇ ਏਅਰਕ੍ਰਾਫਟ ਬੇੜੇ (ਆਈਏਸੀ) ਵਿਕਰਾਂਤ ਨੇ ਅੱਜ ਆਪਣੀ ਪੰਜ ਦਿਨੀਂ ਪਹਿਲੀ ਯਾਤਰਾ ਸਫ਼ਲਤਾਪੂਰਬਕ ਮੁਕੰਮਲ ਕਰ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ 40 ਹਜ਼ਾਰ ਟਨ ਦੇ ਜੰਗੀ ਬੇੜੇ ਦੀਆਂ ਅਹਿਮ ਪ੍ਰਣਾਲੀਆਂ ਦਾ ਪ੍ਰਦਰਸ਼ਨ ਸੰਤੋਸ਼ਜਨਕ ਮਿਲਿਆ। ਇਸ ਏਅਰਕ੍ਰਾਫਟ ਬੇੜੇ ਨੇ ਸਮੁੰਦਰ ’ਚ ਅਹਿਮ ਪ੍ਰੀਖਣ ਲਈ ਬੁੱਧਵਾਰ ਨੂੰ ਸਫ਼ਰ ਸ਼ੁਰੂ ਕੀਤਾ ਸੀ। 23 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਵਿਕਰਾਂਤ ਨੂੰ ਅਗਲੇ ਸਾਲ ਅਗਸਤ ਤੱਕ ਜਲ ਸੈਨਾ ’ਚ ਸ਼ਾਮਲ ਕਰਨ ਦੀ ਯੋਜਨਾ ਹੈ। ਭਾਰਤੀ ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਦੱਸਿਆ ਕਿ ਸਮੁੰਦਰੀ ਪ੍ਰੀਖਣ ਦੌਰਾਨ ਬੇੜੇ ਦੇ ਢਾਂਚੇ, ਊਰਜਾ ਨਿਰਮਾਣ ਤੇ ਵੰਡ ਅਤੇ ਸਹਾਇਕ ਉਪਕਰਣਾਂ ਸਮੇਤ ਹੋਰ ਪ੍ਰਦਰਸ਼ਨਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਪ੍ਰਣਾਲੀ ਦੇ ਸਾਰੇ ਮਾਪਦੰਡ ਤਸੱਲੀਬਖ਼ਸ਼ ਮਿਲੇ ਹਨ ਜਿਨ੍ਹਾਂ ਦੀ ਜਲ ਸੈਨਾ ਦੇ ਦੱਖਣੀ ਕਮਾਂਡ ਦੇ ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਵਾਈਸ ਐਡਮਿਰਲ ਏ ਕੇ ਚਾਵਲਾ ਨੇ ਅਖੀਰਲੇ ਦਿਨ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਵਿਕਰਾਂਤ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਦੇ ਸਿਲਸਿਲੇ ’ਚ ਹੋਣ ਵਾਲੇ ਸਮਾਗਮਾਂ ਦੌਰਾਨ ਜਲ ਸੈਨਾ ’ਚ ਸ਼ਾਮਲ ਕਰਨ ਦਾ ਟੀਚਾ ਰੱਖਿਆ ਜਾ ਰਿਹਾ ਹੈ। ਇਸ ਜੰਗੀ ਬੇੜੇ ਤੋਂ ਮਿੱਗ-29, ਕਾਮੋਵ-31 ਹੈਲੀਕਾਪਟਰ, ਐੱਮਐੱਚ-60ਆਰ ਹੈਲੀਕਾਪਟਰ ਉਡਾਣ ਭਰ ਸਕਣਗੇ। ਇਸ ’ਚ 2300 ਤੋਂ ਜ਼ਿਆਦਾ ਡੱਬੇ ਹਨ ਜਿਨ੍ਹਾਂ ਨੂੰ ਅਮਲੇ ਦੇ ਕਰੀਬ 1700 ਵਿਅਕਤੀਆਂ ਲਈ ਡਿਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ’ਚ ਮਹਿਲਾ ਅਫ਼ਸਰਾਂ ਲਈ ਵਿਸ਼ੇਸ਼ ਕੈਬਿਨ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸੇ ਨਾਮ ਦੇ ਇਕ ਜਹਾਜ਼ ਨੇ 50 ਸਾਲ ਪਹਿਲਾਂ 1971 ਦੀ ਜੰਗ ’ਚ ਅਹਿਮ ਭੂਮਿਕਾ ਨਿਭਾਈ ਸੀ। ਇਹ ਬੇੜਾ ਕਰੀਬ 262 ਮੀਟਰ ਲੰਬਾ, 62 ਮੀਟਰ ਚੌੜਾ ਅਤੇ 59 ਮੀਟਰ ਉੱਚਾ ਹੈ। ਕਮਾਂਡਰ ਮਧਵਾਲ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਪਹਿਲੇ ਪ੍ਰੀਖਣਾਂ ਦਾ ਸਫ਼ਲਤਾਪੂਰਬਕ ਮੁਕੰਮਲ ਹੋਣ ਪਿੱਛੇ ਸਾਰਿਆਂ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। -ਪੀਟੀਆਈ