ਭੋਪਾਲ, 7 ਜੁਲਾਈ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕੁਝ ਲੋਕਾਂ ਵੱਲੋਂ ਹਿੰਦੂ ਦੇਵੀ-ਦੇਵਤਿਆਂ ਨੂੰ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਕਿਹਾ ਕਿ ਉਹ ਟਵਿੱਟਰ ਨੂੰ ਪੱਤਰ ਲਿਖ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਟਵੀਟਾਂ ’ਤੇ ਰੋਕ ਲਗਾਉਣ ਦੀ ਮੰਗ ਕਰਨਗੇ।
ਆਪਣੀ ਰਿਹਾਇਸ਼ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਮਿਸ਼ਰਾ ਨੇ ਕਿਹਾ ਕਿ ਮੱਧ ਪ੍ਰਦੇਸ਼ ਸਰਕਾਰ ਕੈਨੇਡਾ ਆਧਾਰਤ ਫਿਲਮ ਨਿਰਮਾਤਾ ਲੀਨਾ ਮਨੀਮੈਕਲਾਈ ਖ਼ਿਲਾਫ਼ ਇਕ ਲੁਕਆਊਟ ਸਰਕੁਲਰ ਜਾਰੀ ਕਰਨ ਲਈ ਕੇਂਦਰ ਨੂੰ ਵੀ ਲਿਖੇਗੀ। ਇਸ ਫਿਲਮ ਨਿਰਮਾਤਾ ਨੇ ਟਵਿੱਟਰ ’ਤੇ ਆਪਣੀ ਦਸਤਾਵੇਜ਼ੀ ‘ਕਾਲੀ’ ਦਾ ਇਕ ਵਿਵਾਦਤ ਪੋਸਟਰ ਸਾਂਝਾ ਕੀਤਾ ਸੀ, ਜਿਸ ਵਿੱਚ ਦੇਵੀ ਸਿਗਰਟਨੋਸ਼ੀ ਕਰਦੀ ਅਤੇ ਐੱਲਜੀਬੀਟੀਕਿਊ ਦਾ ਝੰਡਾ ਫੜੀ ਦਿਖਾਈ ਗਈ ਸੀ।’’
ਸ੍ਰੀ ਮਿਸ਼ਰਾ ਨੇ ਕਿਹਾ, ‘‘ਟਵਿੱਟਰ ਨੂੰ ‘ਕਾਲੀ’ ਫਿਲਮ ਨਿਰਮਾਤਾ ਲੀਨਾ ਮਨੀਮੈਕਲਾਈ ਵਰਗੇ ਲੋਕਾਂ ਵੱਲੋਂ ਪੋਸਟ ਕੀਤੇ ਟਵੀਟਾਂ ’ਤੇ ਰੋਕ ਲਗਾਉਣੀ ਚਾਹੀਦੀ ਹੈ ਜਿਹੜੇ ਕਿ ਟਵਿੱਟਰ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਇਕ ਔਜ਼ਾਰ ਵਾਂਗ ਇਸਤੇਮਾਲ ਕਰ ਰਹੇ ਹਨ। ਟਵਿੱਟਰ ਨੂੰ ਆਪਣੇ ਪੱਧਰ ’ਤੇ ਸਕਰੀਨਿੰਗ ਕਰ ਕੇ ਅਜਿਹੇ ਟਵੀਟ ਰੋਕਣੇ ਚਾਹੀਦੇ ਹਨ।’’ -ਪੀਟੀਆਈ