ਚੇਨਈ, 2 ਮਈ
ਡੀਐਮਕੇ ਪ੍ਰਧਾਨ ਐਮ.ਕੇ. ਸਟਾਲਿਨ ਜੋ ਕਿ ਪਹਿਲੀ ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ, ਨੇ ਅੱਜ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਸਟਾਲਿਨ ਨੇ ਭਰੋਸਾ ਦਿਵਾਇਆ ਕਿ ਉਹ ਪੂਰੀ ਸਚਾਈ ਨਾਲ ਸੂਬੇ ਦੇ ਲੋਕਾਂ ਲਈ ਕੰਮ ਕਰਨਗੇ। ਡੀਐਮਕੇ ਛੇਵੀਂ ਵਾਰ ਤਾਮਿਲਨਾਡੂ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਸਟਾਲਿਨ ਨੇ ਕਿਹਾ ਕਿ ਲੋਕਾਂ ਨੇ ਭਰਵਾਂ ਸਮਰਥਨ ਇਹ ਮਹਿਸੂਸ ਕਰਦਿਆਂ ਦਿੱਤਾ ਹੈ ਕਿ ਜੇ ਡੀਐਮਕੇ ਸੱਤਾ ਵਿਚ ਆਉਂਦੀ ਹੈ ਤਾਂ ਹੀ ਉਨ੍ਹਾਂ ਦੀ ਭਲਾਈ ਹੋ ਸਕਦੀ ਹੈ। ਪਾਰਟੀ ਪ੍ਰਧਾਨ ਨੇ ਕਿਹਾ ਕਿ ਇਹ ਜਿੱਤ ਪਾਰਟੀ ਵੱਲੋਂ ਸੂਬੇ ਅਤੇ ਲੋਕਾਂ ਲਈ 50 ਸਾਲ ਤੋਂ ਸਮਰਪਿਤ ਹੋ ਕੇ ਕੀਤੇ ਜਾ ਰਹੇ ਕੰਮ ਦਾ ਇਨਾਮ ਹੈ। ਉਨ੍ਹਾਂ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ ਵੀ ਦਿੱਤਾ। -ਪੀਟੀਆਈ