ਅਲੀਪੁਰਦੁਆਰ, 7 ਜੂਨ
ਕੁਝ ਭਾਜਪਾ ਆਗੂਆਂ ਵੱਲੋਂ ਬੰਗਾਲ ਸੂਬੇ ’ਚੋਂ ਇਕ ਵੱਖਰਾ ਰਾਜ ਬਣਾਉਣ ਦੀ ਮੰਗ ਦਰਮਿਆਨ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਆਪਣਾ ਖ਼ੂਨ ਡੋਲ੍ਹ ਦੇਣਗੇ ਪਰ ਸੂਬੇ ਦੀ ਵੰਡ ਨਹੀਂ ਹੋਣ ਦੇਣਗੇ। ਭਾਜਪਾ ਉਤੇ ਵਰ੍ਹਦਿਆਂ ਮਮਤਾ ਨੇ ਕਿਹਾ, ‘ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਜ ਵਿਚ ਵੱਖਵਾਦ ਨੂੰ ਹੁਲਾਰਾ ਦੇ ਰਹੇ ਹਨ।’ ਮੁੱਖ ਮੰਤਰੀ ਨੇ ਕਿਹਾ ਕਿ ਉੱਤਰੀ ਬੰਗਾਲ ਵਿਚ ਸਾਰੇ ਭਾਈਚਾਰੇ ਦਹਾਕਿਆਂ ਤੋਂ ਅਮਨ-ਸ਼ਾਂਤੀ ਨਾਲ ਰਹਿ ਰਹੇ ਹਨ ਪਰ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ਵੱਖਰੇ ਰਾਜ ਦੀ ਮੰਗ ਕਰ ਰਹੀ ਹੈ। ਬੈਨਰਜੀ ਨੇ ਕਿਹਾ ਕਿ ਕਦੇ ਭਾਜਪਾ ਗੋਰਖਾਲੈਂਡ ਦੀ ਮੰਗ ਕਰਦੀ ਹੈ ਤੇ ਕਦੇ ਉੱਤਰੀ ਬੰਗਾਲ ਨੂੰ ਵੱਖਰਾ ਸੂਬਾ ਬਣਾਉਣ ਦੀ ਮੰਗ ਕਰਦੀ ਹੈ। ਟੀਐਮਸੀ ਆਗੂ ਨੇ ਮਗਰੋਂ ਟਵੀਟ ਕੀਤਾ ਕਿ ਬੰਗਾਲ ਇਕਜੁੱਟ ਰਹੇਗਾ ਤੇ ਉਹ ਇਸ ਲਈ ਸੰਘਰਸ਼ ਕਰਦੀ ਰਹੇਗੀ। ਅਲੀਪੁਰਦੁਆਰ ਦੇ ਦੌਰੇ ਉਤੇ ਆਈ ਮਮਤਾ ਨੇ ਇਲਾਕੇ ਲਈ ਕਈ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਵੀ ਕੀਤਾ। ਦੱਸਣਯੋਗ ਹੈ ਕਿ ਕਾਮਤਾਪੁਰ ਲਬਿਰੇਸ਼ਨ ਸੰਗਠਨ (ਕੇਐਲਓ) ਦੇ ਆਗੂ ਜੀਵਨ ਸਿੰਘਾ ਨੇ ਹਾਲ ਹੀ ਵਿਚ ਇਕ ਵੀਡੀਓ ਜਾਰੀ ਕਰ ਕੇ ਕਾਮਤਾਪੁਰ ਨੂੰ ਸੂਬੇ ਤੋਂ ਵੱਖ ਕਰਨ ਦੀ ਮੰਗ ਰੱਖੀ ਹੈ। ਉਸ ਨੇ ਬੈਨਰਜੀ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਉਹ ਇਸ ਮੰਗ ਦਾ ਵਿਰੋਧ ਨਾ ਕਰੇ। ਦੱਸਣਯੋਗ ਹੈ ਕਿ ਉੱਤਰੀ ਬੰਗਾਲ ਵਿਚ 8 ਜ਼ਿਲ੍ਹੇ ਹਨ ਜੋ ਕਿ ਆਰਥਿਕ ਪੱਖੋਂ ਬੰਗਾਲ ਲਈ ਬਹੁਤ ਮਹੱਤਵਪੂਰਨ ਹਨ। ਇਹ ਇਲਾਕੇ ਚਾਹ, ਲੱਕੜ ਤੇ ਸੈਰ-ਸਪਾਟਾ ਸਨਅਤ ਲਈ ਮਸ਼ਹੂਰ ਹਨ। ਇਸ ਇਲਾਕੇ ਦੀ ਸਰਹੱਦ ਨੇਪਾਲ, ਭੂਟਾਨ ਤੇ ਬੰਗਲਾਦੇਸ਼ ਨਾਲ ਲੱਗਦੀ ਹੈ। -ਪੀਟੀਆਈ