ਮੁੰਬਈ, 22 ਜਨਵਰੀ
ਨੈਸ਼ਨਲ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਹ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਮੁੰਬਈ ’ਚ ਕੀਤੇ ਜਾ ਪ੍ਰਦਰਸ਼ਨ ’ਚ ਸ਼ਾਮਲ ਹੋਣਗੇ। ਸਾਬਕਾ ਕੇਂਦਰੀ ਖੇਤੀ ਮੰਤਰੀ ਪਵਾਰ ਨੇ ਕੋਹਲਾਪੁਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਕੇਂਦਰ ਸਰਕਾਰ ਵੱਲੋਂ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦੀ ਪੇਸ਼ਕਸ਼ ਕਿਸਾਨਾਂ ਨੇ ਠੁਕਰਾ ਦਿੱਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਕਾਨੂੰਨ ਰੱਦ ਕਰਨ ਅਤੇ ਫਿਰ ਗੱਲਬਾਤ ਲਈ ਕਰਨ ਆਖਿਆ ਹੈ।’ ਉਨ੍ਹਾਂ ਕਿਹਾ, ‘ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮਹਾਰਾਸ਼ਟਰ ਵਿਚਲੇ ਸ਼ੁਭਚਿੰਤਕਾਂ ਨੇ ਮੇਰੇ ਅਤੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਉਹ 24 ਜਾਂ 25 ਜਨਵਰੀ ਨੂੰ ਉਨ੍ਹਾਂ ਸਾਰਿਆਂ ਨੂੰ ਇੱਕਜੁਟ ਕਰਨਗੇ ਜੋ ਕਿ ਅੰਦਲਨਕਾਰੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।’ ਪਵਾਰ ਮੁਤਾਬਕ, ‘ਉਨ੍ਹਾਂ ਸਾਨੂੰ ਸੱਦਾ ਦਿੱਤਾ ਹੈ। ਅਸੀਂ ਕਿਹਾ ਹੈ ਕਿ ਅਸੀਂ ਆਵਾਂਗੇ।’
ਦੂਜੇ ਪਾਸੇ ਆਲ ਇੰਡੀਆ ਕਿਸਾਨ ਸਭਾ (ਏਆਈਕੇਐੱਸ) ਵੱਲੋਂ ਜਾਰੀ ਬਿਆਨ ਮੁਤਾਬਕ ਉਸ ਅਤੇ ਹੋਰ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ 23 ਜਨਵਰੀ ਨੂੰ ਮਾਰਚ ਕਰਨਗੇ। 25 ਜਨਵਰੀ ਨੂੰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ’ਚ ਰੈਲੀ ਕਰਨ ਮਗਰੋਂ ਕਿਸਾਨੀ ਮੰਗਾਂ ਦੇ ਹੱਕ ’ਚ ਮੈਮੋਰੰਡਮ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਸੌਂਪਿਆ ਜਾਵੇਗਾ। -ਪੀਟੀਆਈ
ਐੱਨਸੀਪੀ ਨੇ ਅਰੁਣਾਚਲ ਪ੍ਰਦੇਸ਼ ’ਚ ਚੀਨ ਵੱਲੋਂ ਪਿੰਡ ਵਸਾਉਣ ਦੇ ਮੁੱਦੇ ’ਤੇ ਕੇਂਦਰ ਨੂੰ ਘੇਰਿਆ
ਮੁੰਬਈ: ਅਰੁਣਾਚਲ ਪ੍ਰਦੇਸ਼ ’ਚ ਚੀਨ ਵੱਲੋਂ ਪਿੰਡ ਵਸਾਏ ਜਾਣ ਦੀਆਂ ਖ਼ਬਰਾਂ ਦੇ ਮੁੱਦੇ ’ਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਵਿਅੰਗਮਈ ਤਰੀਕੇ ਨਾਲ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਆਂਢੀ ਮੁਲਕ ਲਈ ‘ਵਿਸ਼ੇਸ਼ ਆਵਾਸ ਯੋਜਨਾ’ ਲਾਗੂ ਕਰ ਰਹੇ ਹਨ। ਮਹਾਰਾਸ਼ਟਰ ਐੱਨਸੀਪੀ ਦੇ ਮੁੱਖ ਤਰਜਮਾਨ ਮਹੇਸ਼ ਤਾਪਸੇ ਨੇ ਕੇਂਦਰ ਸਰਕਾਰ ਨੂੰ ਇਸ ਮਾਮਲੇ ’ਤੇ ਸਪੱਸ਼ਟੀਕਰਨ ਦੇਣਾ ਪਵੇਗਾ। ਮੀਡੀਆ ਦੀਆਂ ਖ਼ਬਰਾਂ ਦੇ ਹਵਾਲੇ ਨਾਲ ਤਾਪਸੇ ਨੇ ਕਿਹਾ, ‘ਚੀਨ ਲੱਦਾਖ ’ਚ ਘੁਸਪੈਠ ਕਰ ਚੁੱਕਾ ਹੈ। ਹੁਣ ਉਸ ਨੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ’ਚ ਵੀ 101 ਮਕਾਨ ਬਣਾ ਲਏ ਹਨ।’ ਉਨ੍ਹਾਂ ਸਵਾਲ ਕੀਤਾ ਕਿ ਕਿਵੇਂ ਕਿਸੇ ਨੇ ਭਾਰਤ ਦੀ ਹੱਦ ਅੰਦਰ ਚੀਨ ਵੱਲੋਂ ਕੀਤੇ ਜਾ ਰਹੇ ਨਿਰਮਾਣ ਦਾ ਨੋਟਿਸ ਨਹੀਂ ਲਿਆ। ਤਾਪਸੇ ਨੇ ਕਿਹਾ, ‘ਕੀ ਪ੍ਰਧਾਨ ਮੰਤਰੀ ਮੋਦੀ ਚੀਨ ਲਈ ਵਿਸ਼ੇਸ਼ ਅਵਾਸ ਯੋਜਨਾ ਲਾਗੂ ਕਰ ਰਹੇ ਹਨ। ਕੇਂਦਰ ਨੂੰ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇਣਾ ਪਵੇਗਾ।’ -ਪੀਟੀਆਈ