ਇੰਦੌਰ, 11 ਅਪਰੈਲ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ (53) ਨੇ ਕਿਹਾ ਹੈ ਕਿ ਜੇਕਰ ਲੋਕ ਚਾਹੁੰਦੇ ਹਨ ਤਾਂ ਉਹ ਸਿਆਸਤ ’ਚ ਆਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਿਆਸਤ ’ਚ ਆ ਕੇ ਉਹ ਵੱਡੇ ਪੱਧਰ ’ਤੇ ਲੋਕਾਂ ਦੀ ਸੇਵਾ ਕਰ ਸਕਣਗੇ। ਉਜੈਨ ਦੇ ਮਹਾਕਾਲੇਸ਼ਵਰ ਮੰਦਰ ’ਚ ਪੂਜਾ ਤੋਂ ਬਾਅਦ ਸਥਾਨਕ ਯੂਟਿਊਬ ਚੈਨਲ ਨਾਲ ਗੱਲਬਾਤ ਕਰਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਵਾਡਰਾ ਨੇ ਕਿਹਾ ਕਿ ਉਹ ਸਿਆਸਤ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ,‘‘ਜੇਕਰ ਲੋਕ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੀ ਨੁਮਾਇੰਦਗੀ ਕਰਾਂ ਅਤੇ ਜੇਕਰ ਮੈਂ ਉਨ੍ਹਾਂ ਦੀ ਜ਼ਿੰਦਗੀ ’ਚ ਕੁਝ ਬਦਲਾਅ ਲਿਆ ਸਕਦਾ ਹਾਂ ਤਾਂ ਫਿਰ ਮੈਂ ਪੱਕੇ ਤੌਰ ’ਤੇ ਸਿਆਸਤ ’ਚ ਆਵਾਂਗਾ।’’ ਉਨ੍ਹਾਂ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ ਅਤੇ ਉਹ ਸਿਆਸਤ ’ਚ ਆਉਣ ਜਾਂ ਨਾ ਭਵਿੱਖ ’ਚ ਵੀ ਸਮਾਜ ਭਲਾਈ ਦੇ ਕੰਮ ਕਰਦੇ ਰਹਿਣਗੇ। ‘ਅਸੀਂ ਪਰਿਵਾਰ ’ਚ ਰੋਜ਼ਾਨਾ ਸਿਆਸਤ ਦੇ ਨਾਲ ਨਾਲ ਦੇਸ਼ ’ਚ ਬਦਲਾਅ ਲਿਆਉਣ ਬਾਰੇ ਵੀ ਗੱਲ ਕਰਦੇ ਹਾਂ।’ ਉਨ੍ਹਾਂ ਦਾਅਵਾ ਕੀਤਾ ਕਿ ਮੀਡੀਆ ਲੋਕਾਂ ਨੂੰ ਅਸਲੀਅਤ ਦਿਖਾਉਣ ਤੋਂ ਡਰਦਾ ਹੈ। ਇਹ ਗੱਲਾਂ ਲੋਕੰਤਤਰ ਦਾ ਹਿੱਸਾ ਨਹੀਂ ਹਨ ਅਤੇ ਇਸ ਨਾਲ ਮੁਲਕ ਪਿਛਾਂਹ ਜਾਵੇਗਾ। ਯੂਪੀ ਚੋਣਾਂ ’ਚ ਪਤਨੀ ਪ੍ਰਿਯੰਕਾ ਦੀ ਕਾਰਗੁਜ਼ਾਰੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ,‘‘ਮੈਂ ਪ੍ਰਿਯੰਕਾ ਨੂੰ 10 ’ਚੋਂ 10 ਨੰਬਰ ਦੇਵਾਂਗਾ। ਉਸ ਨੇ ਚੋਣਾਂ ਲਈ ਦਿਨ-ਰਾਤ ਕੰਮ ਕੀਤਾ।’’ ਵਾਡਰਾ ਨੇ ਦੇਸ਼ ’ਚ ਮਹਾਮਾਰੀ ਕਾਰਨ ਅਚਾਨਕ ਲੌਕਡਾਊਨ ਲਗਾਉਣ ਅਤੇ ਵਧ ਰਹੀ ਬੇਰੁਜ਼ਗਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਿਆ। -ਪੀਟੀਆਈ