ਨਵੀਂ ਦਿੱਲੀ, 28 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਸੱਤਾ ’ਚ ਨਹੀਂ ਸਗੋਂ ਲੋਕਾਂ ਦੀ ਸੇਵਾ ’ਚ ਰਹਿਣਾ ਚਾਹੁੰਦੇ ਹਨ। ਆਕਾਸ਼ਵਾਣੀ ’ਤੇ ਮਾਸਿਕ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ,‘‘ਮੈਂ ਅੱਜ ਵੀ ਸੱਤਾ ’ਚ ਨਹੀਂ ਹਾਂ ਅਤੇ ਭਵਿੱਖ ’ਚ ਵੀ ਸੱਤਾ ’ਚ ਨਹੀਂ ਰਹਿਣਾ ਚਾਹੁੰਦਾ। ਮੈਂ ਸਿਰਫ਼ ਸੇਵਾ ਕਰਨਾ ਚਾਹੁੰਦਾ ਹਾਂ, ਮੇਰੇ ਲਈ ਪ੍ਰਧਾਨ ਮੰਤਰੀ ਦਾ ਇਹ ਅਹੁਦਾ ਆਦਿ ਸਾਰੀਆਂ ਚੀਜ਼ਾਂ ਸੱਤਾ ਲਈ ਨਹੀਂ ਸਗੋਂ ਇਹ ਸੇਵਾ ਲਈ ਹਨ।’’ ਇਹ ਗੱਲਾਂ ਉਨ੍ਹਾਂ ਉਦੋਂ ਆਖੀਆਂ ਜਦੋਂ ਆਯੂਸ਼ਮਾਨ ਭਾਰਤ ਦੇ ਇਕ ਲਾਭਪਾਤਰੀ ਨੇ ਉਨ੍ਹਾਂ ਨੂੰ ਸੱਤਾ ’ਚ ਬਣੇ ਰਹਿਣ ਦੀ ਕਾਮਨਾ ਕੀਤੀ।
ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇ ਕਈ ਕੰਮਾਂ ’ਚ ਵਿਕਾਸ ਦੀਆਂ ਕਈ ਯੋਜਨਾਵਾਂ ’ਚ ਮਨੁੱਖੀ ਜਜ਼ਬਾਤ ਨਾਲ ਜੁੜੀਆਂ ਗੱਲਾਂ ਵੱਖਰੇ ਤਰ੍ਹਾਂ ਦਾ ਆਨੰਦ ਦਿੰਦੀਆਂ ਹਨ। ਉਨ੍ਹਾਂ ਕਿਹਾ,‘‘ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਸਰਕਾਰੀ ਯੋਜਨਾਵਾਂ ਰਾਹੀਂ ਕਿਵੇਂ ਕੋਈ ਜ਼ਿੰਦਗੀ ਬਦਲੀ। ਉਸ ਬਦਲੀ ਹੋਈ ਜ਼ਿੰਦਗੀ ਦਾ ਤਜਰਬਾ ਕੀ ਹੈ? ਜਦੋਂ ਇਹ ਸੁਣਦੇ ਹਾਂ ਤਾਂ ਸਾਡੇ ’ਚ ਵੀ ਹਮਦਰਦੀ ਆ ਜਾਂਦੀ ਹੈ। ਇਹ ਦਿਮਾਗ ਨੂੰ ਤਸੱਲੀ ਵੀ ਦਿੰਦਾ ਹੈ ਅਤੇ ਉਸ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਪ੍ਰੇਰਣਾ ਵੀ।’’ ਉਨ੍ਹਾਂ ਆਯੂਸ਼ਮਾਨ ਭਾਰਤ ਯੋਜਨਾ ਰਾਹੀਂ ਇਲਾਜ ਕਰਾਉਣ ਵਾਲੇ ਦੋ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਕਰੋਨਾਵਾਇਰਸ ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਤਿਆਤ ਰੱਖਣ। ਪ੍ਰਸਾਰਣ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਵੱਡੀ ਆਬਾਦੀ ਵਾਲੇ ਕਿਸੇ ਵੀ ਮੁਲਕ ’ਚ ਤਿੰਨ ਗੱਲਾਂ, ਵਿਚਾਰ ਅਤੇ ਵਿਲੱਖਣਤਾ, ਜੋਖਮ ਲੈਣ ਦਾ ਜਨੂੰਨ ਅਤੇ ਕਰ ਸਕਣ ਦੀ ਭਾਵਨਾ ਬਹੁਤ ਅਹਿਮ ਹੁੰਦੀ ਹੈ। ‘ਜਦੋਂ ਇਹ ਤਿੰਨੋਂ ਗੱਲਾਂ ਰਲਦੀਆਂ ਹਨ ਤਾਂ ਬੇਮਿਸਾਲ ਨਤੀਜੇ ਹਾਸਲ ਹੁੰਦੇ ਹਨ ਅਤੇ ਕ੍ਰਿਸ਼ਮਾ ਹੁੰਦਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਟਾਰਟ-ਅੱਪਸ ਦਾ ਯੁੱਗ ਹੈ ਅਤੇ ਭਾਰਤ ਇਸ ਖੇਤਰ ’ਚ ਮੋਹਰੀ ਹੈ ਜਿਥੇ 70 ਸਟਾਰਟ-ਅੱਪਸ ਦਾ ਮੁੱਲ ਇਕ ਅਰਬ ਡਾਲਰ ਤੋਂ ਪਾਰ ਹੋ ਗਿਆ ਹੈ। ਉਨ੍ਹਾਂ ਇਕ ਨੌਜਵਾਨ ਨਾਲ ਵੀ ਗੱਲਬਾਤ ਕੀਤੀ ਜਿਸ ਨੇ ਤਕਨਾਲੋਜੀ ਦੀ ਸ਼ੁਰੂਆਤ ਕਰਕੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਦਾ ਢੰਗ ਦੱਸਿਆ ਜਿਸ ਰਾਹੀਂ ਬੱਸਾਂ ’ਚੋਂ ਕਾਰਬਨ ਨਿਕਾਸੀ ਨੂੰ 40 ਫ਼ੀਸਦ ਤੱਕ ਘਟਾਉਣ ’ਚ ਉਹ ਕਾਮਯਾਬ ਰਿਹਾ। -ਪੀਟੀਆਈ
ਯੋਧਿਆਂ ਦੀਆਂ ਬਹਾਦਰ ਮਾਤਾਵਾਂ ਨੂੰ ਯਾਦ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸੰਬਰ ’ਚ ਜਲ ਸੈਨਾ ਦਿਵਸ ਅਤੇ ਹਥਿਆਰਬੰਦ ਬਲਾਂ ਦੇ ਝੰਡਾ ਦਿਵਸ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ 16 ਦਸੰਬਰ ਨੂੰ ਇਹ 1971 ਦੀ ਜੰਗ ਦਾ ਗੋਲਡਨ ਜੁਬਲੀ ਵਰ੍ਹਾ ਵੀ ਹੋਵੇਗਾ। ਸ੍ਰੀ ਮੋਦੀ ਨੇ ਕਿਹਾ ਕਿ ਉਹ ਆਪਣੇ ਹਥਿਆਰਬੰਦ ਬਲਾਂ, ਜਵਾਨਾਂ ਖਾਸ ਕਰਕੇ ਉਨ੍ਹਾਂ ਬਹਾਦਰ ਮਾਤਾਵਾਂ ਨੂੰ ਯਾਦ ਕਰਦਾ ਹਾਂ ਜਿਨ੍ਹਾਂ ਯੋਧਿਆਂ ਨੂੰ ਜਨਮ ਦਿੱਤਾ। ਉਨ੍ਹਾਂ ਮੇਘਾਲਿਆ ’ਚ ਇਕ ਕਿਸ਼ਤੀ ਦੀ ਵਾਇਰਲ ਤਸਵੀਰ ਦਾ ਜ਼ਿਕਰ ਕਰਦਿਆਂ ਕਿਹਾ,‘‘ਜਦੋਂ ਅਸੀਂ ਹਵਾ ’ਚ ਤੈਰਦੀ ਇਸ ਕਿਸ਼ਤੀ ਨੂੰ ਨੇੜਿਉਂ ਦੇਖਦੇ ਹਾਂ ਤਾਂ ਸਾਨੂੰ ਪਤਾ ਲਗਦਾ ਹੈ ਕਿ ਇਹ ਨਦੀ ਦੇ ਪਾਣੀ ’ਤੇ ਚੱਲ ਰਹੀ ਹੈ।’’ ਉਨ੍ਹਾਂ ਕਿਹਾ ਕਿ ਨਦੀ ਦਾ ਪਾਣੀ ਇੰਨਾ ਸਾਫ਼ ਹੈ ਕਿ ਕਿਸ਼ਤੀ ਹਵਾ ’ਚ ਤੈਰਦੀ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੇ ਕੁਦਰਤ ਦੇ ਨਾਲ ਤਾਲਮੇਲ ਬਣਾ ਕੇ ਜਿਊਣ ਦੀ ਸ਼ੈਲੀ ਨੂੰ ਅੱਜ ਵੀ ਜਿਊਂਦਾ ਰੱਖਿਆ ਹੈ ਅਤੇ ਇਹ ਸਾਰਿਆਂ ਲਈ ਪ੍ਰੇਰਣਾ ਹੈ।