ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਕਤੂਬਰ
ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਨੇ ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕੀਤੀ ਤੇ ਕਿਹਾ ਕਿ ‘ਲੋਕਤੰਤਰ ਦਾ ਅਜਿਹਾ ਕਤਲ’ ਆਜ਼ਾਦ ਭਾਰਤ ਵਿੱਚ ਕਦੇ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਹਿੰਸਾ ਦੌਰਾਨ ਅੱਠ ਬੇਕਸੂਰ ਲੋਕ ਮਾਰੇ ਗਏ ਤੇ ਦੇਸ਼ ਦੇ ਨੇਤਾ ਪੀੜਤ ਪਰਿਵਾਰਾਂ ਨਾਲ ਜਾ ਕੇ ਹਮਦਰਦੀ ਰੱਖਣਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਅੰਗਰੇਜ਼ਾਂ ਦੇ ਸਮੇਂ ਵੀ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕੀ ਉੱਤਰ ਪ੍ਰਦੇਸ਼ ਭਾਰਤ ਦਾ ਹਿੱਸਾ ਨਹੀਂ ਹੈ? ਪ੍ਰਿਯੰਕਾ ਗਾਂਧੀ ਤੇ ਭੁਪੇਸ਼ ਬਘੇਲ ਵਰਗੇ ਨੇਤਾਵਾਂ ਨੂੰ ਯੂਪੀ ਦੇ ਲਖੀਮਪੁਰ ਖੀਰੀ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਹ ਦੇਸ਼ ਜਿੰਨਾ ਯੋਗੀ ਜੀ ਦਾ ਹੈ ਓਨਾ ਉਨ੍ਹਾਂ ਦਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਤੇ ਆਜ਼ਾਦੀ ’ਤੇ ਹਮਲਾ ਹੈ।