ਜੈਪੁਰ, 3 ਸਤੰਬਰ
ਹਾਈ ਕੋਰਟ ਦੇ ਦਖ਼ਲ ਮਗਰੋਂ ਰਿਹਾਅ ਹੋਏ ਡਾਕਟਰ ਕਫ਼ੀਲ ਖ਼ਾਨ ਨੇ ਕਿਹਾ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਪ੍ਰਦੇਸ਼ ਮੈਡੀਕਲ ਸੇਵਾਵਾਂ ’ਚ ਬਹਾਲ ਕਰਨ ਦੀ ਮੰਗ ਕਰਨਗੇ। ਰਾਜਸਥਾਨ ਦੀ ਰਾਜਧਾਨੀ ’ਚ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਥੇ ‘ਸੁਰੱਖਿਅਤ’ ਮਹਿਸੂਸ ਕਰਦੇ ਹਨ ਕਿਉਂਕਿ ਇਹ ਕਾਂਗਰਸ ਸ਼ਾਸਿਤ ਸੂਬਾ ਹੈ। ਉਨ੍ਹਾਂ ਅਸਿੱਧੇ ਤੌਰ ’ਤੇ ਰਾਜਸਥਾਨ ਦੀ ਤੁਲਨਾ ਉੱਤਰ ਪ੍ਰਦੇਸ਼ ਨਾਲ ਕੀਤੀ। ਉਨ੍ਹਾਂ ਕਿਹਾ,‘‘ਰਾਜਸਥਾਨ ’ਚ ਕਾਂਗਰਸ ਸਰਕਾਰ ਹੈ।
ਮੇਰਾ ਪਰਿਵਾਰ ਮਹਿਸੂਸ ਕਰਦਾ ਹੈ ਕਿ ਅਸੀਂ ਇਥੇ ਸੁਰੱਖਿਅਤ ਰਹਾਂਗੇ। ਮੈਂ ਆਪਣੇ ਪਰਿਵਾਰ ਨਾਲ ਕੁਝ ਸਮਾਂ ਸ਼ਾਂਤੀ ਨਾਲ ਬਿਤਾਉਣਾ ਚਾਹੁੰਦਾ ਹਾਂ।’’ ਕਫ਼ੀਲ ਖ਼ਾਨ ਨੇ ਕਿਹਾ ਕਿ ਉਹ ਅਹੁਦੇ ’ਤੇ ਬਹਾਲੀ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਣਗੇ ਅਤੇ ਜੇਕਰ ਇਸ ਦੀ ਇਜਾਜ਼ਤ ਨਾ ਮਿਲੀ ਤਾਂ ਉਹ ਅਸਾਮ ਦੇ ਹੜ੍ਹ ਪ੍ਰਭਾਵਿਤ ਇਲਕਿਆਂ ’ਚ ਮੈਡੀਕਲ ਕੈਂਪ ਲਗਾਉਣਗੇ। ਉਨ੍ਹਾਂ ਕਿਹਾ ਕਿ ਯੂਪੀ ਸਰਕਾਰ ਨੇ ਝੂਠੇ ਕੇਸ ’ਚ ਉਸ ਨੂੰ ਫਸਾਇਆ ਸੀ ਅਤੇ ਜੇਲ੍ਹ ’ਚ ਤਸੀਹੇ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਕਫ਼ੀਲ ਖ਼ਾਨ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ’ਚ ਸੇਵਾਵਾਂ ਨਿਭਾ ਰਿਹਾ ਸੀ ਪਰ 2017 ’ਚ ਕਈ ਬੱਚਿਆਂ ਦੀ ਮੌਤ ਮਗਰੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਂਜ ਵਿਭਾਗੀ ਜਾਂਚ ’ਚ ਉਹ ਬਰੀ ਹੋ ਗਿਆ ਸੀ ਪਰ ਸੋਧੇ ਹੋਏ ਨਾਗਰਿਕਤਾ ਕਾਨੂੰਨ ਬਾਰੇ ਅਲੀਗੜ੍ਹ ’ਚ ਕਥਿਤ ਭੜਕਾਊ ਭਾਸ਼ਣ ਦੇਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। -ਪੀਟੀਆਈ