ਨਵੀਂ ਦਿੱਲੀ, 11 ਅਗਸਤ
ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਮੌਨਸੂਨ ਇਜਲਾਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ-ਰੱਪੇ ਤੋਂ ਕਾਫ਼ੀ ਪ੍ਰੇਸ਼ਾਨ ਤੇ ਦੁਖੀ ਹਨ। ਸ੍ਰੀ ਨਾਇਡੂ ਨੇ ਅੱਜ ਆਪਣੇ ਸੰਬੋਧਨ ਦੌਰਾਨ ਉਪਰਲੇ ਸਦਨ ਵਿੱਚ ਮੰਗਲਵਾਰ ਦੀਆਂ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਉਹ ‘ਲੋਕਤੰਤਰ ਦੇ ਇਸ ਸਿਖਰਲੇ ਮੰਦਰ’ ਦੀ ਪਵਿੱਤਰਤਾ ਭੰਗ ਕੀਤੇ ਜਾਣ ਕਰ ਕੇ ਸਾਰੀ ਰਾਤ ਸੌਂ ਨਹੀਂ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ‘ਪਵਿੱਤਰ ਸਦਨ’ ਦੇ ਇੰਨੇ ਨੀਵੇਂ ਪੱਧਰ ’ਤੇ ਜਾਣ ਦੇ ਕਾਰਨਾਂ ਨੂੰ ਜਾਣਨ ਲਈ ਸਾਰੀ ਰਾਤ ਖੌਝਲਦੇ ਰਹੇ। ਇਸ ਦੌਰਾਨ ਸ੍ਰੀ ਨਾਇਡੂ ਦਾ ਗਲਾ ਵੀ ਭਰ ਆਇਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਉਪਰਲੇ ਸਦਨ ਨੂੰ ‘ਲੋਕਤੰਤਰ ਦਾ ਮੰਦਿਰ’ ਮੰਨਿਆ ਜਾਂਦਾ ਹੈ। ਭਾਵੁਕ ਹੋਏ ਨਾਇਡੂ ਨੇ ਕਿਹਾ ਕਿ ਟੇਬਲ ਏਰੀਆ ਜਿੱਥੇ ਸਦਨ ਦੇ ਅਧਿਕਾਰੀ ਤੇ ਰਿਪੋਰਟਰ, ਸਕੱਤਰ ਜਨਰਲ ਤੇ ਕਾਰਵਾਈ ਚਲਾਉਣ ਵਾਲਾ ਅਧਿਕਾਰੀ ਬੈਠਦੇ ਹਨ, ਨੂੰ ਸਦਨ ਦੀ ਸਭ ਤੋਂ ਪਵਿੱਤਰ ਥਾਂ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਬੜੀ ਪੀੜਾ ਨਾਲ ਇਹ ਗੱਲ ਰਿਕਾਰਡ ’ਤੇ ਰੱਖਣੀ ਪੈ ਰਹੀ ਹੈ ਕਿ ਇਸ ਪੂਜਨੀਕ ਸਦਨ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਤੇ ਅਜਿਹਾ ਕਰਨ ਮੌਕੇ ਸਦਨ ਦੇ ਕੁਝ ਵਰਗਾਂ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਵੇਖੀ ਗਈ।’’ ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ਰਾਜ ਸਭਾ ਵਿੱਚ ਪੈਗਾਸਸ ਜਾਸੂਸੀ, ਖੇਤੀ ਕਾਨੂੰਨਾਂ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਹੋਏ ਹੰਗਾਮੇ ਦਰਮਿਆਨ ਕੁਝ ਸੰਸਦ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਪਏ ਮੇਜ਼ ’ਤੇ ਚੜ੍ਹ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਇਨ੍ਹਾਂ ਵਿੱਚ ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸਨ। -ਪੀਟੀਆਈ