ਦੇਹਰਾਦੂਨ, 27 ਮਈ
ਐਲੋਪੈਥੀ ਚਿਕਿਤਸਾ ਪ੍ਰਣਾਲੀ ਖ਼ਿਲਾਫ਼ ਵਿਵਾਦਿਤ ਟਿੱਪਣੀਆਂ ਕੀਤੇ ਜਾਣ ਦੌਰਾਨ ਰਾਮਦੇਵ ਦਾ ਸੋਸ਼ਲ ਮੀਡੀਆ ’ਤੇ ਇਕ ਹੋਰ ਵੀਡੀਓ ਨਸ਼ਰ ਹੋ ਰਿਹਾ ਹੈ ਜਿਸ ’ਚ ਯੋਗ ਗੁਰੂ ਨੇ ਆਪਣੀ ਗ੍ਰਿਫ਼ਤਾਰੀ ਦੀ ਮੰਗ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ‘ਉਨ੍ਹਾਂ ਦਾ ਬਾਪ ਵੀ ਮੈਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ ਹੈ।’ ਸੋਸ਼ਲ ਮੀਡੀਆ ’ਤੇ ਹੈਸ਼ਟੈਗ ‘ਅਰੈਸਟ ਰਾਮਦੇਵ’ ਦੇ ਚੱਲ ਰਹੇ ਟਰੈਂਡ ਦੇ ਜਵਾਬ ’ਚ ਉਸ ਨੇ ਕਿਹਾ,‘‘ਉਹ ਸਿਰਫ਼ ਰੌਲਾ ਪਾ ਰਹੇ ਹਨ। ਉਹ ਠੱਗ ਰਾਮਦੇਵ, ਮਹਾਠੱਗ ਰਾਮਦੇਵ, ਗ੍ਰਿਫ਼ਤਾਰ ਰਾਮਦੇਵ ਅਤੇ ਅਜਿਹੇ ਹੋਰ ਟਰੈਂਡ ਨਸ਼ਰ ਕਰਦੇ ਰਹਿੰਦੇ ਹਨ। ਅਰੈਸਟ ਤੋ ਖੈਰ ਉਨਕਾ ਬਾਪ ਭੀ ਨਹੀਂ ਕਰ ਸਕਤਾ ਸਵਾਮੀ ਰਾਮਦੇਵ ਕੋ।’’ ਦੇਹਰਾਦੂਨ ’ਚ ਇਕ ਡਾਕਟਰ ਨੇ ਕਿਹਾ ਕਿ ਯੋਗ ਗੁਰੂ ਦੇ ਤਾਜ਼ਾ ਵੀਡੀਓ ਤੋਂ ਸਪੱਸ਼ਟ ਹੈ ਕਿ ਉਸ ਨੂੰ ਐਲੋਪੈਥੀ ਅਤੇ ਡਾਕਟਰਾਂ ਬਾਰੇ ਦਿੱਤੇ ਆਪਣੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ’ਤੇ ਕੋਈ ਖੇਦ ਨਹੀਂ ਹੈ। ‘ਰਾਮਦੇਵ ਦਾ ਬਿਆਨ ਹੰਕਾਰ ਨਾਲ ਭਰਿਆ ਹੋਇਆ ਹੈ। ਇਥੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝਦਾ ਹੈ।’ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਰਾਮਦੇਵ ਵੱਲੋਂ ਕਰੋਨਾਵਾਇਰਸ ਤੋਂ ਬਚਾਅ ਦੇ ਟੀਕਾਕਰਨ ਲਈ ਗੁੰਮਰਾਹਕੁਨ ਪ੍ਰਚਾਰ ਕਰਨ ਅਤੇ ਇਲਾਜ ਦੇ ਸਰਕਾਰੀ ਪ੍ਰੋਟੋਕੋਲ ਨੂੰ ਚੁਣੌਤੀ ਦੇਣ ਲਈ ਉਸ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। ਆਈਐੱਮਏ ਨੇ ਰਾਮਦੇਵ ਖ਼ਿਲਾਫ਼ ਮਾਣਹਾਨੀ ਦਾ ਨੋਟਿਸ ਵੀ ਭੇਜਿਆ ਹੈ। -ਪੀਟੀਆਈ
ਆਈਐੱਮਏ ਨੇ ਰਾਮਦੇਵ ਖ਼ਿਲਾਫ਼ ਪੁਲੀਸ ਸ਼ਿਕਾਇਤ ਦਰਜ ਕਰਵਾਈ
ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਯੋਗ ਗੁਰੂ ਰਾਮਦੇਵ ਖ਼ਿਲਾਫ਼ ਪੁਲੀਸ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਐਲੋਪੈਥੀ ਖ਼ਿਲਾਫ਼ ਵਿਵਾਦਿਤ ਬਿਆਨ ਦੇਣ ਲਈ ਉਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ। ਆਈਪੀ ਅਸਟੇਟ ਪੁਲੀਸ ਸਟੇਸ਼ਨ ’ਚ ਸ਼ਿਕਾਇਤ ਦਿੰਦਿਆਂ ਆਈਐੱਮਏ ਨੇ ਕਿਹਾ ਕਿ ਰਾਮਦੇਵ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਬਾਰੇ ਝੂਠੇ ਅਤੇ ਆਧਾਰਹੀਣ ਤੱਥ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ