ਕੋਚੀ, 29 ਮਈ
ਗੁਜਰਾਤ ਤੋਂ ਆਜ਼ਾਦ ਵਿਧਾਇਕ ਜਿਗਨੇੇਸ਼ ਮੇਵਾਨੀ ਨੇ ਆਸ ਜਤਾਈ ਹੈ ਕਿ ਗੁਜਰਾਤ ਅਸੈਂਬਲੀ ਦੀਆਂ ਆਗਾਮੀ ਚੋਣਾਂ ਲਈ ਕਾਂਗਰਸ ਕਿਸੇ ਨੂੰ ਵੀ ਆਪਣੇ ਮੁੱਖ ਮੰਤਰੀ ਉਮੀਦਵਾਰ ਵਜੋਂ ਪੇਸ਼ ਨਹੀਂ ਕਰੇਗੀ। ਮੇਵਾਨੀ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉਹ ਖ਼ੁਦ ਮੁੱਖ ਮੰਤਰੀ ਦੀ ਦੌੜ ’ਚ ਸ਼ਾਮਲ ਨਹੀਂ ਹਨ। ਦਲਿਤ ਆਗੂ ਨੇ ਕਿਹਾ ਕਿ ਗੁਜਰਾਤ ਵਿੱਚ ਸੱਤਾਧਾਰੀ ਭਾਜਪਾ ਦਾ ‘ਸਾਂਝੀ ਲੀਡਰਸ਼ਿਪ’ ਵੱਲੋਂ ਮਿਲ ਕੇ ਟਾਕਰਾ ਕੀਤਾ ਜਾਵੇਗਾ। ਜਿਗਨੇਸ਼ ਭਾਵੇਂ ਅਧਿਕਾਰਤ ਤੌਰ ’ਤੇ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਏ, ਪਰ ਉਹ ਪਾਰਟੀ ਨਾਲ ਨੇੜਿਓਂ ਹੋ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜੇਕਰ ਗੁਜਰਾਤ ਚੋਣਾਂ ਜਿੱਤਦੀ ਹੈ ਤਾਂ ਉਸ ਨੂੰ ਲੋਕ ਅੰਦੋਲਨ ’ਚੋਂ ਉਭਰਨ ਵਾਲੇ ਆਗੂ ਨੂੰ ਸਰਕਾਰ ਦੀ ਅਗਵਾਈ ਕਰਨ ਲਈ ਚੁਣਨਾ ਚਾਹੀਦਾ ਹੈ।
ਕੇਰਲਾ ਦੀ ਤ੍ਰਿਕਾਕਰਾ ਅਸੈਂਬਲੀ ਸੀਟ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਪੁੱਜੇ ਮੇਵਾਨੀ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਨਹੀਂ ਹਨ। ਗੁਜਰਾਤ ਚੋਣਾਂ ਵਿੱਚ ਕਿਸੇ ਨੂੰ ਮੁੱਖ ਮੰਤਰੀ ਉਮੀਦਵਾਰ ਵਜੋਂ ਪੇਸ਼ ਕਰਨ ਬਾਰੇ ਪੁੱਛਣ ’ਤੇ ਮੇਵਾਨੀ ਨੇ ਕਿਹਾ, ‘‘ਨਹੀਂ ਨਹੀਂ….ਅਸੀਂ ਸਾਂਝੀ ਲੀਡਰਸ਼ਿਪ ਨਾਲ ਮੈਦਾਨ ’ਚ ਨਿੱਤਰਾਂਗੇ। ਇਹ ਲੋਕ ਅੰਦੋਲਨ ਹੈ, ਜਿਸ ਵਿੱਚੋਂ ਕਈ ਚਿਹਰੇ ਉਭਰੇ ਹਨ। ਲਿਹਾਜ਼ਾ ਕਾਂਗਰਸ ਪਾਰਟੀ ਜਾਂ ਫਿਰ ਕਿਸੇ ਹੋਰ ਸਿਆਸੀ ਪਾਰਟੀ ਨੂੰ…ਅਜਿਹੇ ਚਿਹਰਿਆਂ ਦੀ ਲੋੜ ਹੈ ਜੋ ਲੋਕ ਅੰਦੋਲਨ ’ਚੋਂ ਉਭਰੇ ਹੋਣ।’’ ਮੇਵਾਨੀ ਨੇ 2017 ਦੀਆਂ ਗੁਜਰਾਤ ਅਸੈਂਬਲੀ ਚੋਣਾਂ ਦੌਰਾਨ ਬਨਾਸਕਾਂਠਾ ਜ਼ਿਲ੍ਹੇ ਦੀ ਵਡਗਾਮ ਸੀਟ ਤੋਂ ਕਾਂਗਰਸ ਦੀ ਹਮਾਇਤ ਨਾਲ ਜਿੱਤ ਦਰਜ ਕੀਤੀ ਸੀ। -ਪੀਟੀਆਈ