ਮੁੰਬਈ, 21 ਅਕਤੂਬਰ
ਬੌਲੀਵੁਡ ਸਟਾਰ ਸੰਜੈ ਦੱਤ ਨੇ ਅੱਜ ਐਲਾਨ ਕੀਤਾ ਕਿ ਉਹ ਕੈਂਸਰ ਖਿਲਾਫ਼ ਜੰਗ ਵਿੱਚ ‘ਜੇਤੂ’ ਹੋ ਕੇ ਨਿਕਲਿਆ ਹੈ। ਅਦਾਕਾਰ ਨੇ ਇਸ ਸਫ਼ਰ ਦੌਰਾਨ ਆਪਣੇ ਪ੍ਰਸ਼ੰਸਕਾਂ ਤੇ ਖੈਰ ਸੁਖ ਮੰਗਣ ਵਾਲਿਆਂ ਵੱਲੋਂ ਦਿੱਤੀ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। 61 ਸਾਲਾਂ ਨੂੰ ਢੁੱਕੇ ਅਦਾਕਾਰ ਨੇ ਅੱਜ ਆਪਣੇ ਬੱਚਿਆਂ ਸ਼ਾਹਰਾਨ ਤੇ ਇਕਰਾ ਦੇ ਦਸਵੇਂ ਜਨਮ ਦਿਨ ਮੌਕੇ ਇਕ ਟਵੀਟ ਰਾਹੀਂ ਇਹ ਖ਼ਬਰ ਸਾਂਝੀ ਕੀਤੀ। ਸੰਜੈ ਦੱਤ ਨੇ ਕਿਹਾ, ‘ਪਿਛਲੇ ਕੁਝ ਹਫ਼ਤੇ ਮੇਰੇ ਅਤੇ ਮੇਰੇ ਪਰਿਵਾਰ ਲਈ ਕਾਫ਼ੀ ਔਖਾ ਸਮਾਂ ਸੀ। ਪਰ ਜਿਵੇਂ ਕਹਿੰਦੇ ਨੇ ਕਿ ਪਰਮਾਤਮਾ ਆਪਣੇ ਸਭ ਤੋਂ ਮਜ਼ਬੂਤ ਸਿਪਾਹੀਆਂ ਨੂੰ ਮੁਸ਼ਕਲ ਜੰਗਾਂ ਵਿੱਚ ਪਾਉਂਦਾ ਹੈ। ਅਤੇ ਅੱਜ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਮੈਂ ਇਸ ਲੜਾਈ ਵਿੱਚ ਜੇਤੂ ਹੋ ਕੇ ਨਿਕਲਣ ਅਤੇ ਉਨ੍ਹਾਂ ਨੂੰ ਤੋਹਫ਼ੇ ਵਿੱਚ ‘ਸਾਡੇ ਪਰਿਵਾਰ ਦੀ ਸਿਹਤ ਤੇ ਖੈਰੀਅਤ ਦੇਣ’ ਲਈ ਖੁਸ਼ ਹਾਂ। ਇਹ ਉਨ੍ਹਾਂ ਲਈ ਸਭ ਤੋਂ ਵਧੀਆ ਤੋਹਫ਼ਾ ਹੈ।’ ਅਗਸਤ ’ਚ ਅਫ਼ਵਾਹਾਂ ਸਨ ਕਿ ਸੰਜੈ ਦੱਤ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹਨ ਤਾਂ ਉਨ੍ਹਾਂ ਪੇਸ਼ੇਵਰ ਵਚਨਬੱਧਤਾ ਤੋਂ ਬ੍ਰੇਕ ਲੈਣ ਦਾ ਐਲਾਨ ਕਰਦਿਆਂ ਮੈਡੀਕਲ ਇਲਾਜ ਵੱਲ ਧਿਆਨ ਕੇਂਦਰਤ ਕਰਨ ਦੀ ਗੱਲ ਆਖੀ ਸੀ। -ਪੀਟੀਆਈ