ਸ੍ਰੀਨਗਰ, 17 ਨਵੰਬਰ
ਹੈਦਰਪੁਰਾ ਮੁਕਾਬਲੇ ਵਿੱਚ ਮਾਰੇ ਗਏ ਦੋ ਆਮ ਵਿਅਕਤੀਆਂ ਦੇ ਪਰਿਵਰਾਂ ਵੱਲੋਂ ਇੱਥੇ ਇੱਕ ਰੋਸ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਇਸ ਮਾਮਲੇ ਵਿੱਚ ਨਿਆਂ ਦੀ ਮੰਗ ਕਰਦਿਆਂ ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣ ਦੀ ਮੰਗ ਕੀਤੀ। ਇਸ ਮੁਕਾਬਲੇ ਵਿੱਚ ਮਾਰੇ ਗਏ ਦੋ ਆਮ ਵਿਅਕਤੀਆਂ ਦੇ ਪਰਿਵਾਰਾਂ ਨੇ ਪੁਲੀਸ ਵੱਲੋਂ ਇਨ੍ਹਾਂ ਦੋਵਾਂ ਸਿਰ ‘ਦਹਿਸ਼ਤਗਰਦਾਂ ਦੇ ਸਾਥੀ’ ਹੋਣ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਪੁਲੀਸ ਮੁਤਾਬਕ ਇੱਕ ਪਾਕਿਸਤਾਨੀ ਦਹਿਸ਼ਤਗਰਦ ਹੈਦਰ ਤੇ ਉਸਦੇ ਸਥਾਨਕ ਸਾਥੀ ਮੁਹੰਮਦ ਆਮਿਰ ਸਮੇਤ ਅਲਤਾਫ ਭੱਟ ਅਤੇ ਮੁਦੱਸਰ ਗੁਲ ਨਾਮੀਂ ਦੋ ਆਮ ਨਾਗਰਿਕ ਹੈਦਰਪੁਰਾ ਇਲਾਕੇ ਵਿੱਚ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ, ਜਿੱਥੇ ਇੱਕ ਗੈਰ-ਕਾਨੂੰਨੀ ਕਾਲ ਸੈਂਟਰ ਤੇ ਦਹਿਸ਼ਤੀਆਂ ਦਾ ਟਿਕਾਣਾ ਸੀ। ਅੱਜ ਭੱਟ ਅਤੇ ਗੁਲ ਦੇ ਪਰਿਵਾਰਾਂ ਨੇ ਪ੍ਰੈੱਸ ਐਨਕਲੇਵ ਦੇ ਬਾਹਰ ਮੁਜ਼ਾਹਰਾ ਕੀਤਾ ਤੇ ਦੋਵਾਂ ਦੀਆਂ ਲਾਸ਼ਾਂ ਦੇਣ ਦੀ ਮੰਗ ਕੀਤੀ।
ਦੂਜੇ ਪਾਸੇ ਪੁਲੀਸ ਨੇ ਕਿਹਾ ਹੈ ਕਿ ਮੁਕਾਬਲੇ ਵਿੱਚ ਮਾਰੇ ਗਏ ਚਾਰਾਂ ਜਣਿਆਂ ਦੀਆਂ ਲਾਸ਼ਾਂ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ’ਚ ਦਫ਼ਨਾ ਦਿੱਤੀਆਂ ਗਈਆਂ ਹਨ। ਅਲਤਾਫ ਭੱਟ ਦੇ ਭਰਾ ਅਬਦੁਲ ਮਜੀਦ ਤੇ ਪਰਿਵਾਰ ਨੇ ਨਿਆਂ ਦੀ ਮੰਗ ਕਰਦਿਆਂ ਉਸਦੀ ਲਾਸ਼ ਸੌਂਪਣ ਦੀ ਮੰਗ ਕੀਤੀ ਹੈ। ਉਨ੍ਹਾਂ ਲੈਫਟੀਨੈਂਟ ਗਵਰਨਰ ਨੂੰ ਬੇਨਤੀ ਕੀਤੀ ਕਿ ਉਹ ਮਾਮਲੇ ਦੀ ਜਾਂਚ ਕਰਵਾਉਣ ਤੇ ਜੇਕਰ ਉਸਦੇ ਭਰਾ ਖ਼ਿਲਾਫ਼ ਕੁਝ ਵੀ ਗਲਤ ਪਤਾ ਚੱਲਦਾ ਹੈ ਤਾ ਉਹ ਉਸ ਨੂੰ ਜਨਤਕ ਤੌਰ ’ਤੇ ਸਿਟੀ ਸੈਂਟਰ ’ਚ ਫਾਂਸੀ ਲਾ ਦੇਣ। ਇਸ ਦੌਰਾਨ ਮੁਦੱਸਰ ਗੁਲ ਦੀ ਪਤਨੀ ਹੁਮੈਰਾ ਮੁਦੱਸਰ ਨੇ ਰੋਂਦਿਆਂ ਕਿਹਾ ਕਿ ਉਸਦਾ ਪਤੀ ਬੇਕਸੂਰ ਸੀ। ਉਸ ਦੇ ਪਰਿਵਾਰ ਨੇ ਵੀ ਨਿਆਂ ਦੀ ਮੰਗ ਕਰਦਿਆਂ ਉਸਦੀ ਲਾਸ਼ ਸੌਂਪਣ ਦੀ ਮੰਗ ਕੀਤੀ।
ਸੀਨੀਅਰ ਅਵਾਮੀ ਇਤਿਹਾਦ ਪਾਰਟੀ ਦੇ ਆਗੂ ਸ਼ਬਿਾਨ ਅਸ਼ਾਈ ਨੇ ਵੀ ਮੁਜ਼ਾਹਰੇ ਵਿੱਚ ਹਿੱਸਾ ਲਿਆ ਤੇ ਕਿਹਾ ਕਿ ਪੁਲੀਸ ਵੱਲੋਂ ਇਨ੍ਹਾਂ ਦੋਵੇਂ ਆਮ ਨਾਗਰਿਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਗਿਆ। ਉਨ੍ਹਾਂ ਐੱਲਜੀ ਨੂੰ ਪੁਲੀਸ ਨੂੰ ਦੋਵਾਂ ਦੀਆਂ ਲਾਸ਼ਾਂ ਵਾਪਸ ਕਰਨ ਲਈ ਨਿਰਦੇਸ਼ ਦੇਣ ਲਈ ਕਿਹਾ।
ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਪਾਰਟੀ ਦੇ ਟਵਿਟਰ ਹੈਂਡਲ ’ਤੇ ਨੈਸ਼ਨਲ ਕਾਨਫਰੰਸ (ਐੱਨਸੀ) ਨੇ ਲਿਖਿਆ ਕਿ ਪਾਰਟੀ ਪ੍ਰਧਾਨ ਤੇ ਐੱਮਪੀ ਫਾਰੂਕ ਅਬਦੁੱਲਾ ਨੇ ਸ੍ਰੀ ਸਿਨਹਾ ਨਾਲ ਗੱਲਬਾਤ ਕੀਤੀ ਤੇ ਆਮ ਨਾਗਰਿਕਾਂ ਨੂੰ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਐੱਨਸੀ ਨੇ ਦੱਸਿਆ ਕਿ ਐੱਲਜੀ ਨੇ ਸ੍ਰੀ ਅਬਦੁੱਲਾ ਨੂੰ ਪੀੜਤ ਪਰਿਵਾਰਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦਾ ਭਰੋਸਾ ਦਿਵਾਇਆ ਹੈ। -ਪੀਟੀਆਈ
ਰਾਮਬਨ ਦੇ ਕੁਝ ਹਿੱਸਿਆਂ ਵਿੱਚ ਪੰਜ ਜਾਂ ਵੱਧ ਜਣਿਆਂ ਦੇ ਇਕੱਤਰ ਹੋਣ ’ਤੇ ਰੋਕ
ਬਨੀਹਾਲ/ਜੰਮੂ: ਸ੍ਰੀਨਗਰ ਦੇ ਹੈਦਰਪੁਰਾ ਇਲਾਕੇ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਇੱਥੋਂ ਦੇ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਰਾਮਬਨ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਪੰਜ ਜਾਂ ਵੱਧ ਵਿਅਕਤੀਆਂ ਦੇ ਇੱਕ ਥਾਂ ’ਤੇ ਇਕੱਤਰ ਹੋਣ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਰਾਮਬਨ ਜ਼ਿਲ੍ਹੇ ਦਾ ਐੱਸਐੱਸਪੀ ਇਸ ਹੁਕਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹੋਵੇਗਾ। -ਪੀਟੀਆਈ
ਮਹਬਿੂਬਾ ਮੁਫ਼ਤੀ ਵੱਲੋਂ ਮੁਜ਼ਾਹਰਾ
ਜੰਮੂ: ਪੀਡੀਪੀ ਮੁਖੀ ਮਹਬਿੂਬਾ ਮੁਫਤੀ ਨੇ ਜ਼ੋਰਦਾਰ ਮੁਜ਼ਾਹਰਾ ਕਰਦਿਆਂ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਵਿੱਚ ਆਮ ਨਾਗਰਿਕਾਂ ਨੂੰ ਮਾਰਨ ਦੀ ਨਿਖੇਧੀ ਕਰਦਿਆਂ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ‘ਅਫਸਪਾ’ ਲਾਗੂ ਹੋਣ ਕਾਰਨ ਮਾਸੂਮਾਂ ਦੀਆਂ ਹੱਤਿਆਵਾਂ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਇਸ ਦੌਰਾਨ ਉਨ੍ਹਾਂ ਤੇ ਪਾਰਟੀ ਕਾਰਕੁਨਾਂ ਤੇ ਹੋਰ ਆਗੂਆਂ ਨੇ ਪਾਰਟੀ ਦੇ ਗਾਂਧੀ ਨਗਰ ’ਚ ਸਥਿਤ ਹੈੱਡਕੁਆਰਟਰ ਨੇੜੇ ਮੁਜ਼ਾਹਰਾ ਕੀਤਾ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਮੁੱਖ ਸੜਕ ਵੱਲ ਵਧਣ ਤੋਂ ਰੋਕਿਆ। ਪੀਡੀਪੀ ਆਗੂ ਨੇ ਇਸ ਮੌਕੇ ਕਿਹਾ,‘ਜ਼ਾਲਮ ਸਰਕਾਰ ਲੋਕਾਂ ਨੂੰ ਮਾਰਨ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਦੇ ਰਹੀ। ਉਹ (ਭਾਜਪਾ) ਗਾਂਧੀ, ਨਹਿਰੂ ਅਤੇ ਅੰਬੇਦਕਰ ਦੇ ਇਸ ਮੁਲਕ ਨੂੰ ਗੋਡਸੇ ਦੇ ਮੁਲਕ ’ਚ ਬਦਲਣਾ ਚਾਹੁੰਦੀ ਹੈ। ਹੋਰ ਮੈਂ ਕੀ ਕਹਿ ਸਕਦੀ ਹਾਂ?’ -ਪੀਟੀਆਈ