ਸ੍ਰੀਨਗਰ, 18 ਨਵੰਬਰ
ਸ੍ਰੀਨਗਰ ਦੇ ਹੈਦਰਪੋਰਾ ਮੁਕਾਬਲੇ ’ਚ ਮਾਰੇ ਗਏ ਦੋ ਆਮ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੰਘੀ ਅੱਧੀ ਰਾਤ ਦੇ ਕਰੀਬ ਪੁਲੀਸ ਨੇ ਤਾਕਤ ਦੀ ਵਰਤੋਂ ਕਰਦਿਆਂ ਧਰਨੇ ਵਾਲੀ ਥਾਂ ਤੋਂ ਹਟਾ ਦਿੱਤਾ ਤੇ ਉਨ੍ਹਾਂ ’ਚੋਂ ਕੁਝ ਨੂੰ ਹਿਰਾਸਤ ’ਚ ਵੀ ਲੈ ਲਿਆ। ਉਹ ਇੱਥੇ ਪ੍ਰੈੱਸ ਐਨਕਲੇਵ ’ਚ ਧਰਨੇ ’ਤੇ ਬੈਠੇ ਸਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਪਰਿਵਾਰ ਲੰਘੀ ਸਵੇਰ ਤੋਂ ਧਰਨੇ ’ਤੇ ਬੈਠੇ ਸਨ ਤੇ ਉਨ੍ਹਾਂ ਸਾਰਾ ਦਿਨ ਪ੍ਰਦਰਸ਼ਨ ਤੋਂ ਬਾਅਦ ਰਾਤ ਨੂੰ ਮੋਮਬੱਤੀਆਂ ਬਾਲ ਕੇ ਰੋਸ ਜਤਾਇਆ ਸੀ। ਉਹ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਲੈਣ ਲਈ ਧਰਨੇ ’ਤੇ ਬੈਠੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਅੱਧੀ ਰਾਤ ਦੇ ਨੇੜੇ ਧਰਨੇ ਤੋਂ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਹਟਾ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਇਲਾਕੇ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ। ਪੁਲੀਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਹੈ। ਜੰਮੂ ਕਸ਼ਮੀਰ ਦੇ ਮੁੱਖ ਧਾਰਾ ਦੇ ਆਗੂਆਂ ਨੇ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ ਹੈ। ਪੁਲੀਸ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਨੇ ਟਵੀਟ ਕੀਤਾ, ‘ਬੇਕਸੂਰ ਲੋਕਾਂ ਦੀਆਂ ਲਾਸ਼ਾਂ ਸੌਂਪਣ ਦੀ ਥਾਂ ਪੁਲੀਸ ਨੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਮੰਗਦੇ ਲੋਕਾਂ ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਯਕੀਨ ਤੋਂ ਬਾਹਰ ਦਾ ਜ਼ੁਲਮ ਤੇ ਸੰਵੇਦਨਹੀਣਤਾ। ਘੱਟੋ ਘੱਟ ਉਹ ਲਾਸ਼ਾਂ ਤਾਂ ਦੇ ਸਕਦੇ ਹਨ।’
ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਪੁਲੀਸ ਅਜਿਹਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਦਿਲ ਦੀ ਦੂਰੀ ਤੇ ਦਿੱਲੀ ਤੋਂ ਦੂਰੀ’ ਖਤਮ ਕਰਨ ਦਾ ਵਾਅਦਾ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ ਦੀਆਂ ਮੰਗ ਜਾਇਜ਼ ਤੇ ਵਿਹਾਰ ਸਲੀਕੇ ਵਾਲਾ ਰਿਹਾ। ਇਸ ਦਾ ਨਤੀਜਾ ਸਾਰਿਆਂ ਨੂੰ ਦਿਖਾਈ ਦੇ ਰਿਹਾ ਹੈ ਕਿ ਪੁਲੀਸ ਰਾਤ ਦੇ ਹਨੇਰੇ ’ਚ ਉਨ੍ਹਾਂ ਨੂੰ ਘਸੀਟ ਕੇ ਲੈ ਗਈ।’ ਪੀਪਲਜ਼ ਕਾਨਫਰੰਸ ਦੇ ਮੁਖੀ ਸੱਜਾਦ ਲੋਨ ਨੇ ਕਿਹਾ ਕਿ ਪ੍ਰਸ਼ਾਸਨ ਆਪਣਾ ਅਣਮਨੁੱਖੀ ਤੇ ਬਦਸੂਰਤ ਚਿਹਰਾ ਪੇਸ਼ ਕਰਨ ਲਈ ਬਜ਼ਿੱਦ ਹੈ। ਨੈਸ਼ਨਲ ਕਾਨਫੰਰਸ ਦੇ ਆਗੂ ਰਾਹੱਲ੍ਹਾ ਮਹਿਦੀ ਨੇ ਟਵੀਟ ਕੀਤਾ, ‘ਜੰਮੂ ਕਸ਼ਮੀਰ ਪੁਲੀਸ, ਜਨਰਲ ਡਾਇਰ ਨੂੰ ਤੁਹਾਡੇ ’ਤੇ ਬਹੁਤ ਮਾਣ ਹੋਵੇਗਾ।’ -ਪੀਟੀਆਈ
ਉਮਰ ਅਬਦੁੱਲ੍ਹਾ ਨੇ ਦਿੱਤਾ ਧਰਨਾ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਹੈਦਰਪੋਰਾ ਮੁਕਾਬਲੇ ’ਚ ਮਾਰੇ ਗਏ ਆਮ ਲੋਕਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਦੀ ਮੰਗ ’ਤੇ ਅੱਜ ਰੋਸ ਧਰਨਾ ਦਿੱਤਾ। ਅਬਦੁੱਲ੍ਹਾ ਨੇ ਇੱਥੇ ਮਿਉਂਸਿਪਲ ਪਾਰਕ ’ਚ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਸਰਕਾਰ ਖ਼ਿਲਾਫ਼ ਨਹੀਂ ਬੋਲ ਰਹੇ। ਅਸੀਂ ਸਿਰਫ਼ ਲਾਸ਼ ਵਾਪਸ ਕਰਨ ਦੀ ਮੰਗ ਕਰ ਰਹੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਇੱਥੇ ਸ਼ਾਂਤੀ ਨਾਲ ਬੈਠੇ ਹਾਂ। ਅਸੀਂ ਚਾਹੁੰਦੇ ਤਾਂ ਸੜਕਾਂ-ਪੁਲ ਜਾਮ ਕਰ ਸਕਦੇ ਸੀ ਪਰ ਅਸੀਂ ਨਹੀਂ ਕੀਤਾ। ਕੋਈ ਨਾਅਰੇਬਾਜ਼ੀ ਨਹੀਂ ਹੋ ਰਹੀ, ਕਾਨੂੰਨ ਪ੍ਰਬੰਧ ਨੂੰ ਕੋਈ ਖਤਰਾ ਨਹੀਂ ਤੇ ਸੜਕੀ ਆਵਾਜਾਈ ਨਹੀਂ ਰੋਕੀ ਗਈ ਹੈ। ਅਬਦੁੱਲ੍ਹਾ ਨੇ ਕਿਹਾ ਕਿ ਪੁਲੀਸ ਨੇ ਮੰਨਿਆ ਹੈ ਕਿ ਦੋਵਾਂ ਧਿਰਾਂ ਵਿਚਾਲੇ ਹੋਈ ਗੋਲੀਬਾਰੀ ’ਚ ਆਮ ਨਾਗਰਿਕ ਮਾਰਿਆ ਗਿਆ ਹੈ ਤੇ ਇਸ ਦੇ ਬਾਵਜੂਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਦੇਣ ਦੀ ਥਾਂ ਹੰਦਵਾੜਾ ’ਚ ਦਫ਼ਨਾ ਦਿੱਤੀ ਗਈ। ਪੀਪਲਜ਼ ਕਾਨਫਰੰਸ ਦੇ ਨੇਤਾ ਸੱਜਾਦ ਲੋਨ ਨੇ ਵੀ ਇੱਥੇ ਰੋਸ ਮੁਜ਼ਾਹਰਾ ਕੀਤਾ ਤੇ ਜਲੂਕ ਕੱਢਿਆ। ਇਸੇ ਦੌਰਾਨ ਹੁਰੀਅਤ ਕਾਨਫਰੰਸ ਨੇ ਹੈਦਰਪੋਰਾ ਮੁਕਾਬਲੇ ’ਚ ਹਲਾਕ ਹੋਏ ਲੋਕਾਂ ਦੇ ਪਰਿਵਾਰਾਂ ਦੀ ਹਮਾਇਤ ’ਚ 19 ਨਵੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ। -ਪੀਟੀਆਈ
ਮਹਬਿੂਬਾ ਨੇ ਪ੍ਰਸ਼ਾਸਨ ’ਤੇ ਲਾਇਆ ਘਰ ਅੰਦਰ ਨਜ਼ਰਬੰਦ ਕਰਨ ਦਾ ਦੋਸ਼
ਸ੍ਰੀਨਗਰ: ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਅੱਜ ਦਾਅਵਾ ਕੀਤਾ ਕਿ ਉਸ ਨੂੰ ਘਰ ’ਚ ਹਿਰਾਸਤ ’ਚ ਰੱਖਿਆ ਗਿਆ ਹੈ ਤੇ ਪਾਰਟੀ ਦੇ ਦੋ ਹੋਰ ਮੈਂਬਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੇ ਮੁੱਖ ਬੁਲਾਰੇ ਸੁਹੇਲ ਬੁਖਾਰੀ ਤੇ ਬੁਲਾਰੇ ਨਜਮੂ ਸਾਕਬਿ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਫ਼ਤੀ ਨੇ ਆਪਣੀ ਰਿਹਾਇਸ਼ ਦੇ ਤਾਲਾ ਲੱਗੇ ਗੇਟ ਦੀ ਤਸਵੀਰ ਸਾਂਝੀ ਕੀਤੀ ਤੇ ਟਵੀਟ ਕੀਤਾ, ‘ਮੈਨੂੰ ਮੁੜ ਤੋਂ ਘਰ ’ਚ ਨਜ਼ਰਬੰਦ ਕੀਤਾ ਗਿਆ ਹੈ ਤੇ ਪੀਡੀਪੀ ਦੇ ਸਾਕਬਿ ਤੇ ਸੁਹੇਲ ਬੁਖਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।’ ਹੈਦਰਪੋਰਾ ਮੁਕਾਬਲੇ ਦਾ ਹਵਾਲਾ ਦਿੰਦਿਆਂ ਪੀਡੀਪੀ ਮੁਖੀ ਨੇ ਦੋਸ਼ ਲਾਇਆ ਕਿ ਬੇਕਸੂਰ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਣਾ ਤੇ ਫਿਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਰਸਮਾਂ ਦੀ ਇਜਾਜ਼ਤ ਨਾ ਦੇਣਾ ਇਹ ਦੱਸਦਾ ਹੈ ਕਿ ਕੇਂਦਰ ਸਰਕਾਰ ਅਣਮਨੁੱਖਤਾ ਦੀ ਨਵੀਂ ਨੀਵਾਣ ਨੂੰ ਛੋਹ ਰਹੀ ਹੈ। -ਪੀਟੀਆਈ