ਬਨਿਹਾਲ/ਜੰਮੂ, 20 ਨਵੰਬਰ
ਰਾਮਬਨ ਦੀ ਜ਼ਿਲ੍ਹਾ ਵਿਕਾਸ ਕੌਂਸਲ ਦੇ ਚੇਅਰਪਰਸਨ ਸ਼ਮਸ਼ਾਦ ਸ਼ਾਨ ਨੇ ਅੱਜ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਹੈਦਰਪੋਰਾ ਮੁਕਾਬਲੇ ਵਿੱਚ ਮਾਰੇ ਗਏ ਆਮਿਰ ਮੈਗਰੇ ਦੀ ਲਾਸ਼ ਪਰਿਵਾਰ ਨੂੰ ਸੌਂਪਣ ਦਾ ਫ਼ੈਸਲਾ ਨਾ ਕੀਤਾ ਤਾਂ ਮੁਜ਼ਾਹਰੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਮੈਗਰੇ ਦੇ ਰਿਸ਼ਤੇਦਾਰ ਦਾ ਦਾਅਵਾ ਹੈ ਕਿ ਉਹ ਬੇਕਸੂਰ ਸੀ। ਹਾਲਾਂਕਿ ਸ਼ਮਸ਼ਾਦ ਸ਼ਾਨ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੱਲੋਂ ਮੁਕਾਬਲੇ ਦੀ ਨਿਆਂਇਕ ਜਾਂਚ ਸਬੰਧੀ ਦਿੱਤੇ ਹੁਕਮ ਦਾ ਸੁਆਗਤ ਕੀਤਾ। ਮੁਕਾਬਲੇ ਵਿੱਚ ਮਾਰੇ ਗਏ ਦੋ ਨਾਗਰਿਕਾਂ ਦੀਆਂ ਲਾਸ਼ਾਂ ਸਬੰਧਤ ਪਰਿਵਾਰ ਨੂੰ ਸੌਂਪਣ ਮਗਰੋਂ ਆਮਿਰ ਮੈਗਰੇ ਦੀ ਲਾਸ਼ ਪਰਿਵਾਰ ਨੂੰ ਸੌਂਪਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਰਾਜਸੀ ਆਗੂਆਂ ਤੇ ਵੱਖਵਾਦੀ ਆਗੂਆਂ ਨੇ ਵੀ ਮੈਗਰੇ ਦੀ ਲਾਸ਼ ਜੰਮੂ ਦੇ ਰਾਮਬਨ ਇਲਾਕੇ ਵਿੱਚ ਰਹਿ ਰਹੇ ਉਸਦੇ ਪਰਿਵਾਰ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਉਸ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ। ਸ਼ਮਸ਼ਾਦ ਸ਼ਾਨ ਨੇ ਰਾਮਬਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਅਸੀਂ ਨਿਰਾਸ਼ ਨਹੀਂ ਹਾਂ ਕਿਉਂਕਿ ਸਾਨੂੰ ਲੈਫਟੀਨੈਂਟ ਗਵਰਨਰ ’ਤੇ ਪੂਰਾ ਭਰੋਸਾ ਹੈ। ਅਸੀਂ ਉਨ੍ਹਾਂ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਉਹ ਸ਼ਨਿਚਰਵਾਰ ਸ਼ਾਮ ਤੱਕ ਫ਼ੈਸਲਾ ਲੈ ਲੈਣਗੇ ਤੇ ਮੈਗਰੇ ਦੀ ਲਾਸ਼ ਪਰਿਵਾਰ ਨੂੰ ਸੌਂਪ ਦੇਣਗੇ, ਪਰ ਜੇਕਰ ਉਹ ਕੋਈ ਫ਼ੈਸਲਾ ਨਹੀਂ ਲੈਂਦੇ ਤਾਂ ਸਾਨੂੰ ਮਜਬੂਰਨ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪਵੇਗਾ।’ ਪੁਲੀਸ ਮੁਤਾਬਕ ਮੈਗਰੇ ਇੱਕ ਦਹਿਸ਼ਤਗਰਦ ਸੀ ਅਤੇ ਉਹ ਦੋ ਹੋਰਾਂ ਸਮੇਤ ਮਾਰਿਆ ਗਿਆ ਸੀ। ਮੈਗਰੇ ਦੇ ਪਿਤਾ ਅਬਦੁਲ ਲਤੀਫ਼ ਨੇ ਪੁਲੀਸ ਦੇ ਦਾਅਵੇ ਨੂੰ ਝੁਠਲਾਉਂਦਿਆਂ ਐੱਲਜੀ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਸੀ। -ਪੀਟੀਆਈ