ਸ੍ਰੀਨਗਰ, 19 ਨਵੰਬਰ
ਹੈਦਰਪੋਰਾ ਮੁਕਾਬਲੇ ਵਿੱਚ ਮਾਰੇ ਗਏ ਦੋ ਆਮ ਵਿਅਕਤੀਆਂ- ਮੁਹੰਮਦ ਅਲਤਾਫ਼ ਭੱਟ ਅਤੇ ਮੁਦਾਸਿਰ ਗੁਲ ਦੀਆਂ ਲਾਸ਼ਾਂ ਹੰਦਵਾੜਾ ’ਚੋਂ ਕਢਵਾਉਣ ਤੋਂ ਕਈ ਘੰਟਿਆਂ ਬਾਅਦ ਇੱਥੇ ਮੁੜ ਦਫ਼ਨਾ ਦਿੱਤੀਆਂ ਗਈਆਂ। ਵੀਰਵਾਰ ਨੂੰ ਸੂਰਜ ਛਿਪਣ ਤੋਂ ਬਾਅਦ ਹੰਦਵਾੜਾ ’ਚ ਲਾਸ਼ਾਂ ਕੱਢਣ ਮਗਰੋਂ ਇਹ ਲਗਪਗ ਅੱਧੀ ਰਾਤ ਨੂੰ ਇੱਥੇ ਲਿਆਈਆਂ ਗਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਬਰਜ਼ੁੱਲਾ ਅਤੇ ਪੀਰਬਾਗ਼ ਵਿੱਚ ਕ੍ਰਮਵਾਰ ਭੱਟ ਅਤੇ ਗੁਲ ਦੀਆਂ ਲਾਸ਼ਾਂ ਪੁੱਜਣ ’ਤੇ ਮਾਹੌਲ ਕਾਫ਼ੀ ਗ਼ਮਗੀਨ ਹੋ ਗਿਆ। ਦੋਵਾਂ ਦੀਆਂ ਲਾਸ਼ਾਂ ਦਾ ਇੰਤਜ਼ਾਰ ਕਰ ਰਹੇ ਆਦਮੀ, ਔਰਤਾਂ ਅਤੇ ਬੱਚੇ ਫੁੱਟ-ਫੁੱਟ ਕੇ ਰੋਣ ਲੱਗੇ। ਕੁਝ ਸਮੇਂ ਬਾਅਦ ਧਾਰਮਿਕ ਰਸਮਾਂ ਦੇ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਜਲੂਸ ਦੇ ਰੂਪ ’ਚ ਸਥਾਨਕ ਕਬਰਿਸਤਾਨਾਂ ਤੱਕ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਘੱਟ ਇਕੱਤਰਤਾ ਕਰਨ ਤੇ ਲਾਸ਼ਾਂ ਜਲਦੀ ਤੋਂ ਜਲਦੀ ਦਫ਼ਨਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਅੰਤਿਮ ਪ੍ਰਾਰਥਨਾਵਾਂ ਮਗਰੋਂ ਕ੍ਰਮਵਾਰ ਬਾਰਜ਼ੁੱਲਾ ਤੇ ਪੀਰਬਾਗ਼ ’ਚ ਉਨ੍ਹਾਂ ਦੇ ਪੁਸ਼ਤੈਨੀ ਕਬਰਿਸਤਾਨਾਂ ਵਿੱਚ ਦਫ਼ਨਾ ਦਿੱਤੀਆਂ ਗਈਆਂ। ਪਿਛਲੇ ਵਰ੍ਹੇ ਮਾਰਚ ’ਚ ਕੋਵਿਡ- 19 ਮਹਾਮਾਰੀ ਫੈਲਣ ਮਗਰੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਪੁਲੀਸ ਦੀ ਨਿਗਰਾਨੀ ’ਚ ਦਫ਼ਨਾਈ ਗਏ ਕਿਸੇ ਵਿਅਕਤੀ ਦੀ ਲਾਸ਼ ਉਸ ਦੇ ਪਰਿਵਾਰ ਨੂੰ ਵਾਪਸ ਕੀਤੀ ਗਈ ਹੋਵੇ। ਦੋਵੇਂ ਆਮ ਵਿਅਕਤੀਆਂ ਦੀਆਂ ਲਾਸ਼ਾਂ ਸਬੰਧਤ ਪਰਿਵਾਰਾਂ, ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ, ਮਹਬਿੂਬਾ ਮੁਫਤੀ ਤੇ ਸਿਵਲ ਸੁਸਾਇਟੀ ਸਮੂਹਾਂ ਵੱਲੋਂ ਪਾਏ ਗਏ ਭਾਰੀ ਦਬਾਅ ਮਗਰੋਂ ਹੰਦਵਾੜਾ ’ਚੋਂ ਬਾਹਰ ਕਢਵਾਈਆਂ ਗਈਆਂ ਸਨ। ਵੀਰਵਾਰ ਨੂੰ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਇਸ ਮੁਕਾਬਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਵੀ ਦਿੱਤੇ ਸਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਡਾ. ਫਾਰੂਕ ਅਬਦੁੱਲਾ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਹੈਦਰਪੋਰਾ ਮੁਕਾਬਲੇ ਦੀ ਸਮਾਂਬੱਧ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਅਜਿਹੀਆਂ ਕਾਰਵਾਈ ਤੋਂ ਗੁਰੇਜ਼ ਕਰਨ ਦੀ ਲੋੜ ਹੈ। -ਪੀਟੀਆਈ
ਕਸ਼ਮੀਰ ਵਿੱਚ ਹੜਤਾਲ ਕਾਰਨ ਜਨ-ਜੀਵਨ ਪ੍ਰਭਾਵਿਤ
ਸ੍ਰੀਨਗਰ: ਹੈਦਰਪੁਰਾ ਮੁਕਾਬਲੇ ਵਿੱਚ ਮਾਰੇ ਗਏ ਆਮ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਹੁਰੀਅਤ ਕਾਨਫਰੰਸ ਵੱਲੋਂ ਦਿੱਤੇ ਗਏ ਹੜਤਾਲ ਦੇ ਸੱਦੇ ’ਤੇ ਸਧਾਰਨ ਜਨ-ਜੀਵਨ ਪ੍ਰਭਾਵਿਤ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਜ਼ਿਆਦਾਤਰ ਦੁਕਾਨਾਂ, ਪੈਟਰੋਲ ਪੰਪ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ। ਸੜਕਾਂ ’ਤੇ ਸਰਕਾਰੀ ਟਰਾਂਸਪੋਰਟ ਜ਼ਿਆਦਾਤਰ ਬੰਦ ਰਹੀ ਜਦਕਿ ਕੁਝ ਇਲਾਕਿਆਂ ਵਿੱਚ ਪ੍ਰਾਈਵੇਟ ਕਾਰਾਂ ਤੇ ਆਟੋਰਿਕਸ਼ੇ ਚੱਲਦੇ ਰਹੇ। ਘਾਟੀ ਦੇ ਬਾਕੀ ਹਿੱਸਿਆਂ ਤੋਂ ਵੀ ਹੜਤਾਲ ਸਬੰਧੀ ਅਜਿਹੀਆਂ ਹੀ ਰਿਪੋਰਟਾਂ ਮਿਲੀਆਂ ਹਨ। ਪ੍ਰਕਾਸ਼ ਪੁਰਬ ਕਾਰਨ ਸਰਕਾਰੀ ਛੁੱਟੀ ਹੋਣ ਕਰਕੇ ਹੜਤਾਲ ਦੇ ਪ੍ਰਭਾਵ ’ਚ ਵਾਧਾ ਹੋਇਆ। -ਪੀਟੀਆਈ
ਸਿਵਲ ਸੁਸਾਇਟੀ ਸਮੂਹ ਵੱਲੋਂ ਨਿਆਂਇਕ ਜਾਂਚ ਦੀ ਮੰਗ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਸਿਵਲ ਸੁਸਾਇਟੀ ਗਰੁੱਪ- ‘ਦਿ ਗਰੁੱਪ ਆਫ਼ ਕਨਸਰਨਡ ਸਿਟੀਜ਼ਨਜ਼’ ਨੇ ਹੈਦਰਪੁਰਾ ਮੁਕਾਬਲੇ ਦੀ ਮੈਜਿਟਰੇਟ ਜਾਂਚ ਦੀ ਬਜਾਇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਇਸ ਇੱਕ ਗੈਰ-ਰਾਜਨੀਤਕ ਸਮੂਹ ਹੈ, ਜਿਸਨੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਪੱਤਰ ਲਿਖ ਕੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ ਹੈ। ਉਨ੍ਹਾਂ ਮੰਗ ਕੀਤੀ,‘ਅਸੀਂ ਤੁਹਾਡੇ ਤੋਂ ਕਾਰਜਕਾਰੀ ਅਧਿਕਾਰੀ ਵੱਲੋਂ ਜਾਂਚ ਦੀ ਬਜਾਇ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਤੋਂ ਸੁਤੰਤਰ ਤੇ ਨਿਆਂਇਕ ਜਾਂਚ ਦੀ ਮੰਗ ਕਰਦੇ ਹਾਂ।’ -ਪੀਟੀਆਈ