ਸ੍ਰੀਨਗਰ, 7 ਸਤੰਬਰ
ਹੁਰੀਅਤ ਕਾਨਫਰੰਸ ਨੇ ਸਈਦ ਅਲੀ ਸ਼ਾਹ ਗਿਲਾਨੀ ਦੀ ਮੌਤ ਮਗਰੋਂ ਮੁਸਰਤ ਆਲਮ ਨੂੰ ਆਪਣਾ ਨਵਾਂ ਚੇਅਰਮੈਨ ਚੁਣਿਆ ਹੈ। ਗਿਲਾਨੀ ਦੀ ਬੀਤੇ ਹਫਤੇ ਮੌਤ ਹੋ ਗਈ ਸੀ। ਹੁਰੀਅਤ ਦੇ ਇਸ ਗਰਮ-ਖ਼ਿਆਲੀ ਧੜੇ ਨੇ ਅੱਜ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਹੁਰੀਅਤ ਕਾਨਫਰੰਸ ਤੋਂ ਵੱਡੀਆਂ ਆਸਾਂ ਹਨ। ਇਸੇ ਦੌਰਾਨ ਸ਼ਬੀਰ ਅਹਿਮਦ ਸ਼ਾਹ ਤੇ ਗੁਲਾਮ ਅਹਿਮਦ ਗੁਲਜ਼ਾਰ ਨੂੰ ਉਪ ਚੇਅਰਮੈਨ ਚੁਣਿਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਇਹ ਨਿਯੁਕਤੀਆਂ ਆਰਜ਼ੀ ਹਨ ਤੇ ਹੁਰੀਅਤ ਕਾਨਫਰੰਸ ਦੇ ਸੰਵਿਧਾਨ ਮੁਤਾਬਕ ਕਰਵਾਈਆਂ ਜਾਣ ਵਾਲੀਆਂ ਚੋਣਾਂ ਮਗਰੋਂ ਪੱਕੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। -ਪੀਟੀਆਈ