ਭੁਬਨੇਸ਼ਵਰ, 1 ਦਸੰਬਰ
ਭਾਰਤੀ ਮੌਸਮ ਵਿਭਾਗ ਨੇ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤੱਟੀ ਇਲਾਕਿਆਂ ਵਿੱਚ 4 ਦਸੰਬਰ ਨੂੰ ਸਵੇਰ ਵੇਲੇ ਸਮੁੰਦਰੀ ਤੂਫਾਨ ਆਉਣ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਭੁਬਨੇਸ਼ਵਰ ਸੈਂਟਰ ਵੱਲੋਂ ਜਾਰੀ ਵਿਸ਼ੇਸ਼ ਬੁਲੇਟਿਨ ਅਨੁਸਾਰ ਮੰਗਲਵਾਰ ਨੂੰ ਦੱਖਣੀ ਥਾਈਲੈਂਡ ਦੇ ਸਮੁੰਦਰੀ ਇਲਾਕੇ ਵਿੱਚ ਬਣਿਆ ਲੋਅ ਪ੍ਰੈਸ਼ਰ ਸ਼ਾਮ ਵੇਲੇ ਕੇਂਦਰੀ ਅੰਡੇਮਾਨ ਦੇ ਸਮੁੰਦਰੀ ਇਲਾਕੇ ਵਿੱਚ ਪਹੁੰਚ ਗਿਆ ਸੀ। ਇਹ ਲੋਅ ਪ੍ਰੈਸ਼ਰ 2 ਦਸੰਬਰ ਤੱਕ ਬੰਗਾਲ ਦੀ ਖਾੜੀ ਵਿੱਚ ਪਹੁੰਚ ਜਾਵੇਗਾ ਤੇ ਅਗਲੇ 24 ਘੰਟਿਆਂ ਵਿੱਚ ਸਮੁੰਦਰੀ ਤੂਫਾਨ ਦਾ ਰੂਪ ਲੈ ਲਏਗਾ। ਇਸ ਮਗਰੋਂ ਤੂਫਾਨ ਉੱਤਰ-ਪੱਛਮ ਦਿਸ਼ਾ ਵੱਲ ਵਧਦਾ ਹੋਇਆ ਉੱਤਰ ਆਧਰਾ ਪ੍ਰਦੇਸ਼-ਉੜੀਸਾ ਦੇ ਤੱਟੀ ਇਲਾਕਿਆਂ ਵਿੱਚ 4 ਦਸੰਬਰ ਨੂੰ ਸਵੇਰੇ ਵੇਲੇ ਪਹੁੰਚੇਗਾ। ਮੌਸਮ ਵਿਭਾਗ ਨੇ ਹਾਲੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਤੂਫਾਨ ਤੱਟੀ ਇਲਾਕਿਆਂ ਦੀ ਜ਼ਮੀਨ ਨਾਲ ਕਿਸ ਵੇਲੇ ਟਕਰਾਏਗਾ। -ਆਈਐੱਨਐੰਸ