ਸ੍ਰੀਨਗਰ, 28 ਅਕਤੂਬਰ
ਸਰਕਾਰੀ ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਵਿੱਚ ਪੁਲੀਸ ਨੇ ਕਾਰਵਾਈ ਕਰਦਿਆਂ 14 ਔਰਤਾਂ ਨੂੰ ਤਸਕਰਾਂ ਦੇ ਚੁੰਗਲ ਵਿੱਚੋਂ ਬਚਾਅ ਲਿਆ ਹੈ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੇ ਨਾਂ ਸ਼ਮੀਮ ਅਹਿਮਦ ਭੱੱਟ, ਸ਼ਗੁਫ਼ਤਾ, ਅਤੇ ਅਸਮਤ ਹਨ। ਜਾਣਕਾਰੀ ਮਿਲਣ ’ਤੇ ਪੁਲੀਸ ਵੱਲੋਂ ਪਿੰਡ ਦੁਲੀਪੋਰਾ ਵਿੱਚ ਮਾਰੇ ਛਾਪੇ ਦੌਰਾਨ ਨਾਬਾਲਗ ਲੜਕੀਆਂ ਸਣੇ 14 ਪੀੜਤਾਂ ਨੂੰ ਬਰਾਮਦ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਹੋਰਨਾਂ ਥਾਵਾਂ ਤੋਂ ਇਨ੍ਹਾਂ ਔਰਤਾਂ ਨੂੰ ਬੜਗਾਮ ਲੈ ਕੇ ਆਏ ਸਨ। ਪੁਲੀਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਪੀੜਤਾਂ ਨੂੰ ਨਜ਼ਦੀਕੀ ਨਾਰੀ ਨਿਕੇਤਨ ਵਿੱਚ ਭੇਜ ਦਿੱਤਾ ਹੈ। -ਪੀਟੀਆਈ