ਗੁਹਾਟੀ, 23 ਜੁਲਾਈ
ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਦੱਸਿਆ ਕਿ ਆਸਾਮ ਦੇ 42 ਬੱਚਿਆਂ ਨੂੰ ਸਿੱਕਿਮ ਤੋਂ ਬਚਾਅ ਕੇ ਸੂਬੇ ਵਿੱਚ ਵਾਪਸ ਲਿਆਂਦਾ ਗਿਆ ਹੈ। ਸ੍ਰੀ ਸਰਮਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਵਿਅਕਤੀ ਭਾਰਤ-ਭੂਟਾਨ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਚਿਰਾਂਗ ਦੇ ਚਾਰ ਪਿੰਡਾਂ ਨਾਲ ਸਬੰਧਤ ਮਾਪਿਆਂ ਨੂੰ ਬੱਚਿਆਂ ਦੀ ਵਧੀਆ ਪੜ੍ਹਾਈ ਕਰਵਾਉਣ ਦਾ ਭਰੋਸਾ ਦਿੰਦਿਆਂ ਲੈ ਕੇ ਗਏ ਸਨ ਪਰ ਉਨ੍ਹਾਂ ਨੂੰ ਘਰੇਲੂ ਮਜ਼ਦੂਰੀ ’ਚ ਲਗਾ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇੱਕ ਮੁਲਜ਼ਮ ਨੇ ਦਾਅਵਾ ਕੀਤਾ ਹੈ ਕਿ ਲੰਘੇ ਦੋ ਸਾਲਾਂ ਵਿੱਚ ਅਸਾਮ ਵਿੱਚੋਂ 80 ਬੱਚਿਆਂ ਨੂੰ ਮਨੁੱਖੀ ਤਸਕਰੀ ਤਹਿਤ ਲਿਜਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਨੂੰ ਦੁਬਈ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਬਚਾਓ ਅਪਰੇਸ਼ਨ ਚਿਰਾਂਗ ਜ਼ਿਲ੍ਹਾ ਪੁਲੀਸ ਵੱਲੋਂ ਬੋਡੋਲੈਂਡ ਖੇਤਰੀ ਕੌਂਸਲ (ਬੀਟੀਸੀ) ਮੁਖੀ ਪ੍ਰਮੋਦ ਬੋਡੋ ਅਤੇ ਸਪੈਸ਼ਲ ਡੀਜੀਪੀ ਐੱਲ.ਆਰ. ਬਿਸ਼ਨਈ ਦੀ ਅਗਵਾਈ ਹੇਠ ਚਲਾਇਆ ਗਿਆ, ਜਦਕਿ ਸਿੱਕਿਮ ਪੁਲੀਸ ਵੱਲੋਂ ਲੋਂੜੀਦੀ ਮਦਦ ਅਤੇ ਸਹਿਯੋਗ ਦਿੱਤਾ ਗਿਆ। -ਪੀਟੀਆਈ