ਨਵੀਂ ਦਿੱਲੀ, 25 ਜੁਲਾਈ
ਕੇਂਦਰ ਸਰਕਾਰ ਦੇ ਸੂਤਰਾਂ ਨੇ ਅੱਜ ਕਿਹਾ ਕਿ ਮਨੁੱਖੀ ਹੱਕ ਤੇ ਲੋਕਤੰਤਰ ਸਰਬ ਵਿਆਪਕ ਹਨ ਤੇ ਕਿਸੇ ਖਾਸ ਕੌਮੀ ਅਤੇ ਸਭਿਆਚਾਰਕ ਪਰਿਪੇਖ ਦੇ ਦਾਇਰੇ ਤੱਕ ਸੀਮਤ ਨਹੀਂ ਹਨ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਅਮਰੀਕਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਗਾਮੀ ਭਾਰਤ ਦੌਰੇ ਦੌਰਾਨ ਇਹ ਮੁੱਦੇ ਉਠਾਉਣਗੇ। ਸੂਤਰਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਬਹੁਲਵਾਦੀ ਸਮਾਜ ਵਜੋਂ ਖੜ੍ਹਾ ਭਾਰਤ ਉਨ੍ਹਾਂ ਨਾਲ ਵਿਚਾਰ ਲਈ ਤਿਆਰ ਹੈ ‘ਜੋ ਹੁਣ ਭਿੰਨਤਾ ਦਾ ਮੁੱਲ ਪਛਾਣ ਰਹੇ ਹਨ।’ ਉਨ੍ਹਾਂ ਕਿਹਾ ਕਿ ਭਾਰਤ ਲੋਕਤੰਤਰਿਕ ਕਦਰਾਂ-ਕੀਮਤਾਂ ਤੇ ਮਨੁੱਖੀ ਹੱਕਾਂ ਦੇ ਖੇਤਰ ਵਿਚ ਆਪਣੀ ਪ੍ਰਾਪਤੀਆਂ ਉਤੇ ਮਾਣ ਕਰਦਾ ਹੈ ਤੇ ਹਮੇਸ਼ਾ ਆਪਣੇ ਤਜਰਬੇ ਸਾਂਝੇ ਕਰ ਕੇ ਖ਼ੁਸ਼ ਹੈ। ਅਮਰੀਕੀ ਵਿਦੇਸ਼ ਮੰਤਰੀ ਮੰਗਲਵਾਰ ਨੂੰ ਭਾਰਤ ਦੌਰੇ ਉਤੇ ਆ ਰਹੇ ਹਨ। ਬਲਿੰਕਨ ਦੇ ਪਹਿਲੇ ਭਾਰਤ ਦੌਰੇ ਮੌਕੇ ਗੱਲਬਾਤ ਅਫ਼ਗਾਨਿਸਤਾਨ ਦੀ ਸਥਿਤੀ ਤੇ ਪਾਕਿਸਤਾਨ ਵੱਲੋਂ ਅਤਿਵਾਦ ਨੂੰ ਸ਼ਹਿ ਦੇਣ ਦੁਆਲੇ ਕੇਂਦਰਤ ਹੋਵੇਗੀ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ‘ਕੁਆਡ’ ਗੱਠਜੋੜ ਨੂੰ ਮਜ਼ਬੂਤ ਕਰਨ ਬਾਰੇ ਵੀ ਵਿਚਾਰ-ਚਰਚਾ ਹੋਵੇਗੀ। ਇਸ ਸਾਲ ਦੇ ਅਖ਼ੀਰ ਵਿਚ ਵਿਦੇਸ਼ ਮੰਤਰੀ ਪੱਧਰ ਦੀ ਮੀਟਿੰਗ ਰੱਖਣ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਦੋਵੇਂ ਧਿਰਾਂ ‘ਕੁਆਡ’ ਗੱਠਜੋੜ ਦੇ ਕਰੋਨਾ ਵੈਕਸੀਨ ਬਾਰੇ ਉਪਰਾਲਿਆਂ ਨੂੰ ਅੱਗੇ ਵਧਾਉਣ ਉਤੇ ਵੀ ਸਹਿਮਤੀ ਬਣਾਉਣਗੀਆਂ। ਇਸ ਤਹਿਤ ਭਾਰਤ ਵਿਚ ਬਣਾਏ ਗਏ ਵੈਕਸੀਨ ਨੂੰ 2022 ਦੇ ਸ਼ੁਰੂ ’ਚ ਭਾਰਤੀ-ਪ੍ਰਸ਼ਾਂਤ ਖਿੱਤੇ ਦੇ ਮੁਲਕਾਂ ਨੂੰ ਸਪਲਾਈ ਕਰਨ ਦੀ ਯੋਜਨਾਬੰਦੀ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਇਹ ਦੌਰਾ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਇਕ ਮੌਕਾ ਹੋਵੇਗਾ। ਵਪਾਰ ਤੇ ਨਿਵੇਸ਼, ਸਿਹਤ-ਸੰਭਾਲ, ਸਿੱਖਿਆ, ਡਿਜੀਟਲ ਤੇ ਨਵੀਆਂ ਕਾਢਾਂ, ਸੁਰੱਖਿਆ ਦੇ ਖੇਤਰ ਵਿਚ ਸਹਿਯੋਗ ਵਧਾਉਣ ਦਾ ਵੀ ਇਹ ਇਕ ਮੌਕਾ ਹੋਵੇਗਾ। ਭਾਰਤ ਇਸ ਮੌਕੇ ਕੌਮਾਂਤਰੀ ਯਾਤਰਾ ਉਤੇ ਲੱਗੀਆਂ ਪਾਬੰਦੀਆਂ ਵਿਚ ਢਿੱਲ ਦੇਣ ’ਤੇ ਵੀ ਜ਼ੋਰ ਪਾਵੇਗਾ। ਵਿਦਿਆਰਥੀਆਂ, ਕਾਰੋਬਾਰੀਆਂ, ਪੇਸ਼ੇਵਰ ਯਾਤਰੀਆਂ ਦੇ ਮਾਮਲਿਆਂ, ਪਰਿਵਾਰਕ ਵੀਜ਼ਿਆਂ ਤੇ ਹੋਰ ਐਮਰਜੈਂਸੀ ਕੇਸਾਂ ਵਿਚ ਯਾਤਰਾ ਦੀ ਮਨਜ਼ੂਰੀ ਦੇਣ ਲਈ ਅਮਰੀਕਾ ’ਤੇ ਜ਼ੋਰ ਪਾਇਆ ਜਾਵੇਗਾ। ਇਸ ਤੋਂ ਇਲਾਵਾ ਜ਼ਰੂਰੀ ਦਵਾਈਆਂ ਤੇ ਸਿਹਤ ਉਪਕਰਨਾਂ ਦੀ ਲਗਾਤਾਰ ਸਪਲਾਈ ’ਤੇ ਵੀ ਜ਼ੋਰ ਦਿੱਤਾ ਜਾਵੇਗਾ। ਦੋਵੇਂ ਧਿਰਾਂ ਭਾਰਤੀ-ਪ੍ਰਸ਼ਾਂਤ ਖੇਤਰ ਬਾਰੇ ਆਪੋ-ਆਪਣੇ ਮੁਲਾਂਕਣ ਇਕ-ਦੂਜੇ ਨਾਲ ਸਾਂਝੇ ਕਰਨਗੀਆਂ। ਇਹ ਕੋਵਿਡ ਸਹਾਇਤਾ, ਆਰਥਿਕ ਸੁਸਤੀ ਤੇ ਸੁਰੱਖਿਆ ਨਾਲ ਜੁੜਿਆ ਹੋਵੇਗਾ। ਵੈਕਸੀਨ ਉਤਪਾਦਨ ਬਾਰੇ ਵੀ ਗੱਲਬਾਤ ਹੋਵੇਗੀ। -ਪੀਟੀਆਈ