ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਾਰਚ
ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰਾਂ ’ਤੇ ਕਿਸਾਨਾਂ ਨੇ ਕਿਹਾ ਕਿ ਕੌਮੀ ਮਾਰਗਾਂ ’ਤੇ ਇਹ ਆਰਜ਼ੀ ਪ੍ਰਬੰਧ ਇੱਟਾਂ ਦੀਆਂ ਝੌਂਪੜੀਆਂ, ਬਾਸਾਂ ਅਤੇ ਪਲਾਈਵੁੱਡ ਨਾਲ ਤਰਪਾਲਾਂ ਪਾ ਕੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਟਿਕਰੀ ਬਾਰਡ ਉਪਰ ਉਹ ਕੋਈ ਪੱਕੀਆਂ ਉਸਾਰੀਆਂ ਕਬਜ਼ੇ ਕਰਨ ਲਈ ਨਹੀਂ ਕਰ ਰਹੇ ਪਰ ਫੌਰੀ ਲੋੜ ਮੁਤਾਬਕ ਤੇ ਮੀਂਹ ਤੋਂ ਬਚਾਅ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉੱਧਰ ਕਿਸਾਨ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪੈਪਸੂ ਇਲਾਕੇ ਅੰਦਰ 784 ਪਿੰਡਾਂ ਦੇ ਕਿਸਾਨਾਂ ਵੱਲੋਂ ਕੀਤੇ ਕ੍ਰਾਂਤੀਕਾਰੀ ਮੁਜ਼ਾਰਾ ਅੰਦੋਲਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਜਾਣਗੀਆਂ ਤੇ ਇਸ ਅੰਦੋਲਨ ਨਾਲ ਜੁੜੇ ਕਿਸਾਨ ਯੋਧਿਆਂ ਦੇ ਵਾਰਸਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
‘ਮਿੱਟੀ ਸੱਤਿਆਗ੍ਰਹਿ ਯਾਤਰਾ’ ਵਾਰਾਣਸੀ ਪਹੁੰਚੀ: ‘ਮਿੱਟੀ ਸੱਤਿਆਗ੍ਰਹਿ ਯਾਤਰਾ’ ਵਾਰਾਣਸੀ ਪਹੁੰਚ ਗਈ ਹੈ, ਜੋ ਮੌਜੂਦਾ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਸਿੰਘੂ ਬਾਰਡਰ ’ਤੇ ਯਾਦਗਾਰ ਬਣਾਉਣ ਲਈ ਵੱਖ-ਵੱਖ ਹਿੱਸਿਆਂ ਤੋਂ ਮਿੱਟੀ ਇਕੱਠੀ ਕਰਨ ਲਈ ਦੇਸ਼ ਭਰ ’ਚ ਕੱਢੀ ਜਾ ਰਹੀ ਹੈ।
ਕਰੋਨਾ ਵੈਕਸੀਨ ਅੰਦੋਲਨਕਾਰੀ ਕਿਸਾਨਾਂ ਨੂੰ ਵੀ ਲਾਈ ਜਾਵੇ: ਟਿਕੈਤ
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਕੋਵਿਡ-19 ਟੀਕਾਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਜੋ ਕਿਸਾਨ ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਜਾਵੇ। ਮੈਂ ਖੁਦ ਵੀ ਟੀਕਾ ਲਗਵਾਉਂਗਾ।’ ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਦੇ ਡਰ ਕਾਰਨ ਕਿਸਾਨ ਵਿਰੋਧ ਪ੍ਰਦਰਸ਼ਨ ਖ਼ਤਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਮਾਜਿਕ ਦੂਰੀ ਬਣਾਈ ਰੱਖਣ ਲਈ ਕਿਸਾਨ ਵਿਰੋਧ ਵਾਲੇ ਸਥਾਨਾਂ ’ਤੇ ਟੈਂਟਾਂ ਦੇ ਆਕਾਰ ਨੂੰ ਵਧਾਉਣਗੇ। ਉਨ੍ਹਾਂ ਕਰੋਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ।