ਬੰਗਲੌਰ: ਕੋਵਿਡ-19 ਦੇ ਮਰੀਜ਼ਾਂ ਲਈ ਹਸਪਤਾਲ ਵਿਚ ਬਿਸਤਰਿਆਂ ਦੀ ਬੁਕਿੰਗ ’ਚ ਘੁਟਾਲੇ ਦੇ ਦੋਸ਼ਾਂ ਦੇ ਮੱਦੇਨਜ਼ਰ ਪੁਲੀਸ ਨੇ ਬੰਗਲੌਰ ਸ਼ਹਿਰ ਨਗਰ ਨਿਗਮ ਦੇ ਕੋਵਿਡ ਵਾਰ ਰੂਮ ਵਿਚ ਛਾਪਾ ਮਾਰਿਆ ਅਤੇ ਅੰਕੜੇ ਇਕੱਤਰ ਕੀਤੇ। ਇਹ ਕਾਰਵਾਈ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਭਾਜਪਾ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਦੋ ਦਿਨ ਪਹਿਲਾਂ ਦੋਸ਼ ਲਾਇਆ ਸੀ ਕਿ ਇੱਥੋਂ ਦੇ ਹਸਪਤਾਲ ਅਜਿਹੇ ਸਮੇਂ ਵਿਚ ਪੈਸੇ ਬਣਾਉਣ ਲਈ ਫ਼ਰਜ਼ੀ ਨਾਵਾਂ ’ਤੇ ਬਿਸਤਰਿਆਂ ਨੂੰ ਬਲਾਕ ਕਰ ਕੇ ਰੱਖ ਰਹੇ ਹਨ, ਜਦੋਂ ਕਰਨਾਟਕ ਵਿਚ ਕੋਵਿਡ-19 ਦੇ ਕੇਸ ਲਗਾਤਾਰ ਵਧ ਰਹੇ ਹਨ। ਸੂਰਿਆ ਨੇ ਕਿਹਾ ਕਿ ਬ੍ਰੁਹਤ ਬੰਗਲੌਰ ਮਹਾਨਗਰ ਪਾਲਿਕਾ ਦੇ ਅਧਿਕਾਰੀਆਂ ਨੇ ਬਿਸਤਰਿਆਂ ਨੂੰ ਉੱਚੀਆਂ ਫੀਸਾਂ ’ਤੇ ਦੇਣ ਲਈ ਨਿੱਜੀ ਨਰਸਿੰਗ ਹੋਮ ਤੇ ਹਸਪਤਾਲਾਂ ਨਾਲ ਮਿਲੀਭੁਗਤ ਕੀਤੀ ਹੈ। ਸ਼ਹਿਰ ਦੀ ਪੁਲੀਸ ਨੇ ਕਿਹਾ, ‘‘ਬੀਬੀਐੱਮਪੀ ਦੇ ਅੱਠ ਜ਼ੋਨਲ ਵਾਰ ਰੂਮਜ਼ ਵਿੱਚ ਬੀਤੇ ਦਿਨ ਛਾਪੇ ਮਾਰੇ ਗਏ। ਕਾਫੀ ਅੰਕੜੇ ਇਕੱਤਰ ਕੀਤੇ ਗਏ ਹਨ।’’ ਪੁਲੀਸ ਨੇ ਕਿਹਾ ਕਿ ਜ਼ੋਨ ਤੋਂ ਇਕੱਤਰ ਕੀਤੇ ਗਏ ਸਾਰੇ ਅੰਕੜਿਆਂ ਦੀ ਜਾਂਚ ਅੱਠ ਟੀਮਾਂ ਕਰ ਰਹੀਆਂ ਹਨ। ਅੰਕੜਿਆਂ ਤੋਂ ਕੱਢੀ ਜਾਣ ਵਾਲੀ ਸੂਚਨਾ ਦੇ ਆਧਾਰ ’ਤੇੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਉਨ੍ਹਾਂ ਹਸਪਤਾਲਾਂ ਦੀ ਜਾਂਚ ਵੀ ਕਰ ਰਹੀ ਹੈ ਜਿੱਥੇ ਚਾਰ ਵਿਅਕਤੀਆਂ ਨੂੰ ਰਿਸ਼ਵਤ ਦੇਣ ਵਾਲੇ ਕੋਵਿਡ-19 ਦੇ ਮਰੀਜ਼ਾਂ ਲਈ ਫ਼ਰਜ਼ੀ ਨਾਵਾਂ ’ਤੇ ਬਿਸਤਰਿਆਂ ਨੂੰ ਕਥਿਤ ਤੌਰ ’ਤੇ ਬਲਾਕ ਕਰਨ ਦੇ ਦੋਸ਼ ਹੇਠ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਸਤਰਾ ਘੁਟਾਲੇ ਦੇ ਸਬੰਧ ਵਿਚ ਹੁਣ ਤੱਕ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ