ਸੰਯੁਕਤ ਰਾਸ਼ਟਰ, 29 ਮਾਰਚ
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਕਿਸੇ ਵੀ ਹੋਰ ਮੁਲਕ, ਜਿੱਥੇ ਚੋਣਾਂ ਹੋ ਰਹੀਆਂ ਹਨ, ਲੋਕਾਂ ਦੇ ‘ਰਾਜਨੀਤਕ ਤੇ ਨਾਗਰਿਕ ਅਧਿਕਾਰਾਂ’ ਦੀ ਰਾਖੀ ਕੀਤੀ ਜਾਵੇਗੀ ਅਤੇ ਹਰ ਕੋਈ ਇੱਕ ‘ਆਜ਼ਾਦ ਤੇ ਨਿਰਪੱਖ’ ਮਾਹੌਲ ’ਚ ਵੋਟਾਂ ਪਾ ਸਕੇਗਾ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੇ ਵਿਰੋਧੀ ਪਾਰਟੀ ਕਾਂਗਰਸ ਦੇ ਬੈਂਕ ਖਾਤੇ ਫਰੀਜ਼ ਕੀਤੇ ਜਾਣ ਦੇ ਮੱਦੇਨਜ਼ਰ ਭਾਰਤ ’ਚ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਾਲਾਤ ਬਾਰੇ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਭਾਰਤ ਤੇ ਕਿਸੇ ਵੀ ਹੋਰ ਮੁਲਕ, ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ, ਉੱਥੇ ਹਰ ਕਿਸੇ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਵੇਗੀ ਜਿਨ੍ਹਾਂ ’ਚ ਸਿਆਸੀ ਤੇ ਨਾਗਰਿਕ ਅਧਿਕਾਰ ਸ਼ਾਮਲ ਹਨ ਅਤੇ ਹਰ ਕੋਈ ਆਜ਼ਾਦ ਤੇ ਨਿਰਪੱਖ ਮਾਹੌਲ ’ਚ ਵੋਟਾਂ ਪਾ ਸਕੇਗਾ।’ ਸੰਯੁਕਤ ਰਾਸ਼ਟਰ ਦੀ ਇਸ ਪ੍ਰਤੀਕਿਰਿਆ ਤੋਂ ਇੱਕ ਦਿਨ ਪਹਿਲਾਂ ਅਮਰੀਕਾ ਨੇ ਵੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੇ ਕਾਂਗਰਸ ਪਾਰਟੀ ਦੇ ਬੈਂਕ ਖਾਤਿਆਂ ਤੋਂ ਲੈਣ-ਦੇਣ ’ਤੇ ਰੋਕ ਲਾਏ ਜਾਣ ਸਬੰਧੀ ਅਜਿਹੇ ਹੀ ਸਵਾਲ ’ਤੇ ਪ੍ਰਤੀਕਿਰਿਆ ਦਿੱਤੀ ਸੀ। ਕੇਜਰੀਵਾਲ ਦੀ ਗ੍ਰਿਫ਼ਤਾਰੀ ਸਬੰਧੀ ਵਾਸ਼ਿੰਗਟਨ ਨੇ ਦੁਹਰਾਇਆ ਸੀ ਕਿ ਉਹ ਨਿਰਪੱਖ, ਪਾਰਦਰਸ਼ੀ ਤੇ ਸਮਾਂਬੱਧ ਕਾਨੂੰਨੀ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕਰਦਾ ਹੈ। -ਪੀਟੀਆਈ