ਮੁੰਬਈ: ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਨਾਰਕੋਟਿਕਸ ਕੰਟਰੋਲ ਬੋਰਡ (ਐੱਨਸੀਬੀ) ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ’ਤੇ ਅੱਜ ਸ਼ਬਦੀ ਹਮਲਾ ਤਿੱਖਾ ਕਰਦਿਆਂ ਉਸ ’ਤੇ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਾਨਖੇੜੇ ਮਹਿੰਗੇ ਕੱਪੜੇ ਪਹਿਨਦਾ ਹੈ, ਜੋ ਇੱਕ ਇਮਾਨਦਾਰ ਵਿਅਕਤੀ ਅਤੇ ਅਧਿਕਾਰੀ ਦੀ ਪਹੁੰਚ ਤੋਂ ਦੂਰ ਹਨ। ਨੈਸ਼ਨਲ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਵੀ ਨਿਸ਼ਾਨੇ ’ਤੇ ਲਿਆ, ਜਿਸ ਨੇ ਦਾਅਵਾ ਕੀਤਾ ਸੀ ਕਿ ਮਲਿਕ ਦੇ ਅੰਡਰਵਰਲਡ ਨਾਲ ਸਬੰਧ ਹਨ। ਮਲਿਕ ਨੇ ਕਿਹਾ, ‘‘ਜੇ ਅਜਿਹੀ ਗੱਲ ਸੀ ਤਾਂ ਤੁਹਾਡੇ (ਫੜਨਵੀਸ) ਵੱਲੋਂ ਮੁੱਖ ਮੰਤਰੀ ਹੁੰਦਿਆਂ ਮੇਰੇ ਖ਼ਿਲਾਫ਼ ਜਾਂਚ ਕਿਉਂ ਨਹੀਂ ਸ਼ੁਰੂ ਕੀਤੀ ਗਈ।’’ ਮਲਿਕ ਨੇ ਕਿਹਾ ਕਿ ਸੱਤਾ ਵਿੱਚ ਪੰਜ ਸਾਲ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਫੜਨਵੀਸ ਨੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਮਲਿਕ ਨੇ ਦਾਅਵਾ ਕੀਤਾ ਕਿ ਵਾਨਖੇੜੇ ਇੱਕ ਲੱਖ ਰੁਪਏ ਦਾ ਪਜਾਮਾ, 70 ਹਜ਼ਾਰ ਰੁਪਏ ਦਾ ਕੁੜਤਾ ਅਤੇ 25-25 ਲੱਖ ਰੁਪਏ ਦੀਆਂ ਮਹਿੰਗੀਆਂ ਘੜੀਆਂ ਪਹਿਨਦਾ ਹੈ। ਉਨ੍ਹਾਂ ਕਿਹਾ, ‘‘ਇੱਕ ਇਮਾਨਦਾਰ ਵਿਅਕਤੀ ਅਤੇ ਇਮਾਨਦਾਰ ਅਧਿਕਾਰੀ ਏਨੇ ਮਹਿੰਗੇ ਕੱਪੜੇ ਕਿਵੇਂ ਪਹਿਨ ਸਕਦਾ ਹੈ।’’ ਮਲਿਕ ਨੇ ਕਿਹਾ, ‘‘ਵਾਨਖੇੜੇ ਨੇ ਲੋਕਾਂ ਨੂੰ ਗ਼ਲਤ ਢੰਗ ਨਾਲ ਫਸਾ ਕੇ ਕਰੋੜਾਂ ਰੁਪਏ ਇਕੱਠੇ ਕੀਤੇ। ਐੱਨਸੀਬੀ ਅਧਿਕਾਰੀ ਕੋਲ ਕੰਮ ਕਰਨ ਲਈ ਨਿੱਜੀ ਫੌਜ ਹੈ।’’