ਸ੍ਰੀਨਗਰ, 7 ਜੁਲਾਈ
ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਅੱਜ ਹਿਜ਼ਬੁਲ ਮੁੁਜਾਹਿਦੀਨ ਦਾ ਉੱਚ ਕਮਾਂਡਰ ਮਹਿਰਾਜ-ਉਦ-ਦੀਨ ਹਲਵਾਈ ਹਲਾਕ ਹੋ ਗਿਆ। ਮਹਿਰਾਜ-ਉਦ-ਦੀਨ ਹਲਵਾਈ ਉਰਫ਼ ਉਬੈਦ ਕਈ ਵਰ੍ਹਿਆਂ ਤੋਂ ਉੱਤਰੀ ਕਸ਼ਮੀਰ ਵਿੱਚ ਸਰਗਰਮ ਸੀ।
ਕਸ਼ਮੀਰ ਜ਼ੋਨ ਦੇ ਆਈਜੀਪੀ ਵਿਜੈ ਕੁਮਾਰ ਨੇ ਟਵੀਟ ਕੀਤਾ, ‘ਦਹਿਸ਼ਤਗਰਦ ਗੁੱਟ ਹਿਜ਼ਬੁਲ ਮੁਜਾਹਦੀਨ ਦਾ ਸਭ ਤੋਂ ਪੁਰਾਣਾ ਅਤੇ ਉੱਚ ਕਮਾਂਡਰ ਮਹਿਰਾਜ-ਉਦ-ਦੀਨ ਹਲਵਾਈ ਹੰਦਵਾੜਾ ਮੁਕਾਬਲੇ ਵਿੱਚ ਮਾਰਿਆ ਗਿਆ। ਉਹ ਕਈ ਦਹਿਸ਼ਤੀ ਅਪਰਾਧਾਂ ਵਿੱਚ ਸ਼ਾਮਲ ਸੀ। ਇਹ ਇੱਕ ਵੱਡੀ ਸਫਲਤਾ ਹੈ।’ ਪੁਲੀਸ ਰਿਕਾਰਡ ਮੁਤਾਬਕ ਮਹਿਰਾਜ-ਉਦ-ਦੀਨ ਏ++ ਕੈਟਾਗਰੀ ਦਾ ਦਹਿਸ਼ਤਗਰਦ ਸੀ ਅਤੇ ਉਹ ਆਮ ਸ਼ਹਿਰੀਆਂ ਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਕਤਲ ਤੋਂ ਇਲਾਵਾ ਦਹਿਸ਼ਤਗਰਦੀ ਦੀਆਂ ਹੋਰ ਘਟਨਾਵਾਂ ਵਿੱਚ ਸ਼ਾਮਲ ਸੀ। ਪੁਲੀਸ ਨੇ ਇੱਕ ਬਿਆਨ ’ਚ ਦੱਸਿਆ, ‘ਪੁਲੀਸ ਨੇ ਮੰਗਲਵਾਰ ਨੂੰ ਐੱਸਐੱਸਬੀ ਨਾਲ ਰੁਟੀਨ ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ, ਜਿਸ ਕੋਲੋਂ ਇੱਕ ਗ੍ਰਨੇਡ ਬਰਾਮਦ ਹੋਇਆ। ਨੇੜਲੀ ਚੌਕੀ ’ਤੇ ਲਿਜਾ ਕੇ ਪੁੱਛ ਪੜਤਾਲ ਦੌਰਾਨ ਉਸ ਦੀ ਪਛਾਣ ਮਹਿਰਾਜ-ਉਦ-ਦੀਨ ਹਲਵਾਈ ਉਰਫ਼ ਉਬੈਦ ਪੁੱਤਰ ਅਬਦੁਲ ਖਾਲਿਕ ਵਾਸੀ ਖੁਸ਼ਹਾਲ ਮੱਟੂ ਸੋਪੋਰ ਵਜੋਂ ਅਤੇ ਦਹਿਸ਼ਤਗਰਦ ਗੁੱਟ ਹਿਜ਼ਬੁਲ ਮੁਜਾਹਿਦੀਨ ਦੇ ਸਰਗਰਮ ਦਹਿਸ਼ਤਗਰਦ ਵਜੋਂ ਹੋਈ।’ -ਏਜੰਸੀਆਂ