ਮੁੰਬਈ, 19 ਮਾਰਚ
ਸੀਸੀਟੀਵੀ ਫੁਟੇਜ ਮੁਤਾਬਕ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਅਤੇ ਕਾਰੋਬਾਰੀ ਮਨਸੁਖ ਹਿਰੇਨ (ਮ੍ਰਿਤਕ) ਸਕਾਰਪਿਓ ਕਾਰ ਚੋਰੀ ਹੋਣ ਵਾਲੇ ਦਿਨ 17 ਫਰਵਰੀ ਨੂੰ ਮਿਲੇ ਸਨ। ਇਹ ਦਾਅਵਾ ਮਹਾਰਾਸ਼ਟਰ ਅਤਿਵਾਦੀ ਵਿਰੋਧੀ ਦਸਤੇ (ਏਟੀਐੱਸ) ਦੇ ਇੱਕ ਅਧਿਕਾਰੀ ਨੇ ਕੀਤਾ ਹੈ। ਕਾਰ ਹਿਰੇਨ ਦੇ ਕਬਜ਼ੇ ’ਚੋਂ ਚੋਰੀ ਹੋਈ ਸੀ। ਇਸੇ ਸਕਾਰਪਿਓ ਵਰਗੀ ਧਮਾਕਾਖੇਜ਼ ਜੈਲੇਟਿਨ ਛੜਾਂ ਵਾਲੀ ਕਾਰ 25 ਫਰਵਰੀ ਨੂੰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਅੰਟੀਲੀਆ ਦੇ ਨੇੜਿਓਂ ਮਿਲੀ। ਅਧਿਕਾਰੀ ਨੇ ਦੱਸਿਆ ਕਿ ਹਿਰੇਨ ਦੀ ਭੇਤਭਰੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਏਟੀਐੈੱਸ ਨੇ ਦੱਖਣੀ ਮੁੰਬਈ ਦੇ ਛਤਰਪਤੀ ਸ਼ਿਵਾਜ਼ੀ ਮਹਾਰਾਜ ਟਰਮੀਨਸ (ਸੀਐੱਸਐੱਮਟੀ) ਨੇੜਿਓਂ ਸੀਸੀਟੀਵੀ ਫੁਟੇਜ ਬਰਾਮਦ ਕੀਤੀ, ਜਿਸ ਵਿੱਚ ਵਜ਼ੇ ਤੇ ਹਿਰੇਨ ਇੱਕ ਮਰਸਡੀਜ਼ ’ਚ ਬੈਠੇ ਨਜ਼ਰ ਆ ਰਹੇ ਹਨ। ਫੁਟੇਜ ਮੁਤਾਬਕ ਉਹ ਦੋਵੇਂ ਜਣੇ ਲੱਗਪਗ 10 ਮਿੰਟ ਕਾਰ ’ਚ ਰਹੇ। ਸੂਤਰਾਂ ਮੁਤਾਬਕ ਏਟੀਸੀ ਨੂੰ ਸ਼ੱਕ ਹੈ ਕਿ ਉਕਤ ਦੌਰਾਨ ਹਿਰੇਨ ਨੇ ਹੀ ਸਕਾਰਪਿਓ ਦੀਆਂ ਚਾਬੀਆਂ ਵਜ਼ੇ ਨੂੰ ਸੌਂਪੀਆਂ ਸਨ। ਇਸ ਤੋਂ ਪਹਿਲਾਂ ਹਿਰੇਨ ਨੇ ਦਾਅਵਾ ਕੀਤਾ ਗਿਆ ਹੈ ਕਿ 17 ਫਰਵਰੀ ਨੂੰ ਥਾਣੇ ਸਥਿਤ ਆਪਣੇ ਘਰ ਤੋਂ ਦੱਖਣੀ ਮੁੰਬਈ ਜਾਂਦੇ ਸਮੇਂ ਸਟੇਅਰਿੰਗ ਜਾਮ ਹੋਣ ਕਾਰਨ ਉਹ ਸਕਾਰਪਿਓ ਕਾਰ ਮੁਲੁੰਦ-ਏਰੋਲੀ ਰੋਡ ’ਤੇ ਛੱਡ ਕੇ ਕੈਬ ਰਾਹੀਂ ਘਰ ਚਲਾ ਗਿਆ ਸੀ। ਇਸੇ ਦੌਰਾਨ ਮੁੰਬਈ ’ਚ ਐੱਨਆਈਏ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਚਿਨ ਵਜ਼ੇ ਦੇ ਵਕੀਲ ਦੀ ਜਾਂਚ ਏਜੰਸੀ ਦੀ ਹਿਰਾਸਤ ’ਚ ਉਸ ਨਾਲ ਪ੍ਰਾਈਵੇਟ ਮੁਲਾਕਾਤ ਸਬੰਧੀ ਅਪੀਲ ਖਾਰਜ ਕਰ ਦਿੱਤੀ ਹੈ। -ਪੀਟੀਆਈ