ਨਵੀਂ ਦਿੱਲੀ: ਪਿਛਲੇ ਮਹੀਨੇ ਫਿਰਕੂ ਹਿੰਸਾ ਵਾਲੇ ਇਲਾਕੇ ਜਹਾਂਗੀਰਪੁਰੀ ’ਚ ਅੱਜ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ ਦਿੰਦਿਆਂ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਨੇ ਰਲ ਕੇ ਈਦ ਮਨਾਈ। ਦੋਵੇਂ ਫਿਰਕਿਆਂ ਨਾਲ ਸਬੰਧਤ ਲੋਕਾਂ ਨੇ ਇਕ-ਦੂਜੇ ਨੂੰ ਈਦ ਮੁਬਾਰਕ ਆਖੀ ਅਤੇ ਮਠਿਆਈਆਂ ਵੰਡੀਆਂ। ਸਥਾਨਕ ਲੋਕਾਂ ਨੇ ਸੁਰੱਖਿਆ ਲਈ ਤਾਇਨਾਤ ਜਵਾਨਾਂ ਨੂੰ ਵੀ ਮਠਿਆਈਆਂ ਵੰਡੀਆਂ। ਮੁਸਲਿਮ ਭਾਈਚਾਰੇ ਦੇ ਨੁਮਾਇੰਦੇ ਤਬਰੇਜ਼ ਖ਼ਾਨ ਨੇ ਕਿਹਾ,‘‘ਪਿਛਲਾ ਮਹੀਨਾ ਜਹਾਂਗੀਰਪੁਰੀ ਦੇ ਲੋਕਾਂ ਲਈ ਮੁਸ਼ਕਲ ਵਾਲਾ ਸੀ। ਅੱਜ ਈਦ ਮੌਕੇ ਅਸੀਂ ਕੁਸ਼ਲ ਚੌਕ ’ਤੇ ਇਕੱਠੇ ਹੋਏ ਹਾਂ। ਅਸੀਂ ਇਕ-ਦੂਜੇ ਨੂੰ ਗਲੇ ਮਿਲ ਕੇ ਮਠਿਆਈਆਂ ਵੰਡੀਆਂ ਬਾਕੀ ਸਫਾ 8 » ਹਨ ਅਤੇ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਜਹਾਂਗੀਰਪੁਰ ’ਚ ਸਾਰੇ ਧਰਮਾਂ ਦੇ ਲੋਕ ਇਕ-ਦੂਜੇ ਦੇ ਧਰਮਾਂ ਦਾ ਪਾਲਣ ਕਰਦੇ ਹਨ।’’ ਡਿਪਟੀ ਕਮਿਸ਼ਨਰ ਪੁਲੀਸ ਊਸ਼ਾ ਰੰਗਨਾਨੀ ਨੇ ਕਿਹਾ ਕਿ ਜ਼ਿਲ੍ਹੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ। ਉਂਜ ਮਸਜਿਦ ਵਾਲੇ ਇਲਾਕੇ ਬਲਾਕ ਸੀ ’ਚ ਦੁਕਾਨਾਂ ਬੰਦ ਰਹੀਆਂ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਇੰਦਰਾਮਣੀ ਤਿਵਾੜੀ ਨੇ ਕਿਹਾ ਕਿ ਇਲਾਕੇ ’ਚ ਮੁਕੰਮਲ ਸ਼ਾਂਤੀ ਹੈ। -ਪੀਟੀਆਈ