ਸੂਰਤ, 14 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਹਿੰਦੀ ਭਾਸ਼ਾ ਸੌਕਣ ਨਹੀਂ ਬਲਕਿ ਦੇਸ਼ ਦੀਆਂ ਹੋਰਨਾਂ ਭਾਸ਼ਾਵਾਂ ਦੀ ‘ਦੋਸਤ’ ਹੈ। ਉਨ੍ਹਾਂ ਹਿੰਦੀ ਨੂੰ ਹੋਰਨਾਂ ਖੇਤਰੀ ਭਾਸ਼ਾਵਾਂ ਖਿਲਾਫ਼ ਖੜ੍ਹਾਉਣ ਸਬੰਧੀ ਕੀਤੇ ਜਾ ਰਹੇ ‘ਕੂੜ ਪ੍ਰਚਾਰ’ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਹਿੰਦੀ ਨੂੰ ਇਕਜੁੱਟ ਰੱਖ ਕੇ ਖੇਤਰੀ ਭਾਸ਼ਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸ਼ਾਹ ਇਥੇ ਆਲ ਇੰਡੀਆ ਆਫ਼ੀਸ਼ੀਅਲ ਲੈਂਗੁਏਜ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਦੀ ਸਹਿ-ਹੋਂਦ ਨੂੰ ਸਵੀਕਾਰ ਕਰਨ ਦੀ ਲੋੜ ਹੈ। ਉਨ੍ਹਾਂ ਹੋਰਨਾਂ ਭਾਸ਼ਾਵਾਂ ਤੋਂ ਸ਼ਬਦ ਲੈ ਕੇ ਹਿੰਦੀ ਨੂੰ ਵਧੇਰੇ ਲਚਕਦਾਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਇਸ ਦੇ ਸ਼ਬਦਕੋਸ਼ ਦਾ ਘੇਰਾ ਵਧਾਇਆ ਜਾ ਸਕੇ। -ਪੀਟੀਆਈ
ਹਿੰਦੀ ਦੀ ਸਾਦਗੀ ਤੇ ਸੰਜੀਦਗੀ ਨੇ ਲੋਕਾਂ ਨੂੰ ਖਿੱਚਿਆ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿੰਦੀ ਦਿਵਸ ਮੌਕੇ ਕਿਹਾ ਕਿ ਆਲਮੀ ਪੱਧਰ ’ਤੇ ਹਿੰਦੀ ਭਾਸ਼ਾ ਨੇ ਭਾਰਤ ਨੂੰ ਵਿਸ਼ੇਸ਼ ਸਨਮਾਨ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਹਿੰਦੀ ਦੀ ਸਾਦਗੀ ਤੇ ਸੰਜੀਦਗੀ ਨੇ ਹਮੇਸ਼ਾਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਸ੍ਰੀ ਮੋਦੀ ਨੇ ਇਕ ਟਵੀਟ ਵਿੱਚ ਦੇਸ਼ ਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਜ਼ਬੂਤ ਤੇ ਸੰਪੰਨ ਬਣਾਉਣ ਲਈ ਅਣਥੱਕ ਯਤਨ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਹਿੰਦੀ ਦਿਵਸ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ। -ਪੀਟੀਆਈ