ਗੁਹਾਟੀ, 10 ਮਈ
ਨਾਰਥ ਈਸਟ ਡੈਮੋਕਰੇਟਿਕ ਅਲਾਇੰਸ (ਐਨਈਡੀਏ) ਦੇ ਕਨਵੀਨਰ ਹਿਮੰਤ ਬਿਸਵਾ ਸਰਮਾ ਨੇ ਅੱਜ ਅਸਾਮ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਸਬੰਧ ਵਿਚ ਪਿਛਲੇ ਹਫਤੇ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਪਰ ਸਰਮਾ ਨੂੰ ਐਤਵਾਰ ਨੂੰ ਭਾਜਪਾ ਵਿਧਾਇਕ ਦਲ ਤੇ ਰਾਜਗ ਵਿਧਾਇਕ ਦਲ ਦਾ ਸਰਬਸੰਮਤੀ ਨਾਲ ਆਗੂ ਚੁਣ ਲਿਆ ਗਿਆ। ਰਾਜਪਾਲ ਜਗਦੀਸ਼ ਮੁਖੀ ਨੇ ਸਰਮਾ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਤੋਂ ਪਹਿਲਾਂ ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਭਾਜਪਾ ਨੇ 126 ਮੈਂਬਰੀ ਵਿਧਾਨ ਸਭਾ ਵਿਚ 60 ਸੀਟਾਂ ਜਿੱਤੀਆਂ ਹਨ ਜਦਕਿ ਉਸ ਦੀ ਸਹਿਯੋਗੀ ਅਸਮ ਗਣ ਪਰਿਸ਼ਦ ਨੇ 9 ਤੇ ਯੂਨਾਈਟਿਡ ਪੀਪਲਜ਼ ਪਾਰਟੀ ਲਬਿਰਲ ਨੇ 6 ਸੀਟਾਂ ਜਿੱਤੀਆਂ ਹਨ।-ਪੀਟੀਆਈ