ਸ਼ਿਮਲਾ, 17 ਸਤੰਬਰ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਹਥਿਆਰਬੰਦ ਫੌਜਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰ ਰਹੇ ਸੂਬੇ ਦੇ ਬਹਾਦਰ ਜਵਾਨਾਂ ਨੂੰ ਸਲਾਮ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲੀ ਵਾਰ ਵੱਕਾਰੀ ਬਹਾਦਰੀ ਸਨਮਾਨ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਮੇਜਰ ਸੋਮਨਾਥ ਸ਼ਰਮਾ ਵੀ ਹਿਮਾਚਲ ਪ੍ਰਦੇਸ਼ ਤੋਂ ਹੀ ਸਨ।
ਰਾਸ਼ਟਰਪਤੀ ਸੂਬੇ ਦੇ ਗੋਲਡਨ ਜੁਬਲੀ ਸਮਾਗਮਾਂ ਦੇ ਸਬੰਧ ਵਿੱਚ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਇੱਕ ਘੰਟੇ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਪਹਾੜੀ ਸੂਬੇ ਨੂੰ ਰਾਜ ਦਾ ਦਰਜਾ ਮਿਲਣ ਦੀ ਗੋਲਡਨ ਜੁਬਲੀ ਇਸ ਸਾਲ 25 ਜਨਵਰੀ ਨੂੰ ਸੀ ਪਰ ਕਰੋਨਾ ਮਹਾਮਾਰੀ ਕਾਰਨ ਵਿਸ਼ੇਸ਼ ਸੈਸ਼ਨ ’ਚ ਦੇਰੀ ਹੋਈ ਹੈ। ਇਹ ਸਮਾਗਮ ਹੁਣ ਸਾਰਾ ਸਾਲ ਚੱਲਣਗੇ।
ਸ੍ਰੀ ਕੋਵਿੰਦ ਨੇ ਕਿਹਾ ਕਿ ਮੌਜੂਦਾ ਸਮੇਂ ਹਿਮਾਚਲ ਪ੍ਰਦੇਸ਼ ਦੇ 1.20 ਲੱਖ ਜਵਾਨ ਦੇਸ਼ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ, ‘ਸੈਨਾਵਾਂ ਦੇ ਮੁਖੀ ਹੋਣ ਵਜੋਂ, ਮੈਂ ਦੇਸ਼ ਦੀ ਸੇਵਾ ਕਰ ਰਹੇ ਹਿਮਾਚਲ ਪ੍ਰਦੇਸ਼ ਦੇ ਸਾਰੇ ਬਹਾਦਰ ਜਵਾਨਾਂ ਨੂੰ ਸਲਾਮ ਕਰਦਾ ਹਾਂ।’
ਆਪਣੇ 18 ਮਿੰਟ ਦੇ ਭਾਸ਼ਣ ਦੌਰਾਨ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਸੂਬੇ ਨੂੰ ਵਿਕਾਸ ਦੇ ਮਾਮਲੇ ’ਚ ਪੂਰੇ ਦੇਸ਼ ਵਿੱਚੋਂ ‘ਸਿਰਮੌਰ’ ਬਣਨਾ ਚਾਹੀਦਾ ਹੈ। ‘ਸਿਰਮੌਰ’ (ਜਿਸ ਦਾ ਅਰਥ ਤਾਜ ਹੁੰਦਾ ਹੈ) ਹਿਮਾਚਲ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ। ਉਨ੍ਹਾਂ ਨੇ ਸੂਬੇ ਦਾ ਸੁਹੱਪਣ ਨੂੰ ਬਚਾਉਣ ਲਈ ਕਿਸਾਨਾਂ ਨੂੰ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਸੂਬੇ ਦੀ ਕੁਦਰਤੀ ਸੁੰਦਰਤਾ ਉਨ੍ਹਾਂ ਨੂੰ ਪਿਛਲੇ 45 ਵਰ੍ਹਿਆਂ ਤੋਂ ਖਿੱਚਦੀ ਰਹੀ ਹੈ। ਉਨ੍ਹਾਂ ਨੇ ਪਹਿਲੀ ਵਾਰ 1974 ’ਚ ਸੂਬੇ ਦਾ ਦੌਰਾ ਕੀਤਾ ਸੀ ਅਤੇ ਉਸ ਸਮੇਂ ਉਹ ਕੁੱਲੂ ਤੇ ਮਨਾਲੀ ਆਏ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਵਾਰ ਸੂਬੇ ’ਚ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਪਹਾੜੀ ਸੂਬੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਕੋਵਿੰਦ ਨੇ ਕਿਹਾ ਕਿ ਹੁਣ ਤੱਕ ਯਸ਼ਵੰਤ ਸਿੰਘ ਪਰਮਾਰ, ਠਾਕੁਰ ਰਾਮਲਾਲ, ਵੀਰਭੱਦਰ ਸਿੰਘ, ਸ਼ਾਂਤਾ ਕੁਮਾਰ ਅਤੇ ਪ੍ਰੇਮ ਕੁਮਾਰ ਧੂਮਲ ਦੀ ਅਗਵਾਈ ਹੇਠ ਬਣੀਆਂ ਸਰਕਾਰਾਂ ਨੇ ਸੂਬੇ ਨੂੰ ਇਸ ਮੁਕਾਮ ਤੱਕ ਲਿਆਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਾੜੀ ਸੂਬੇ ਦੀ ਅਸੈਂਬਲੀ ਨੇ 2014 ’ਚ ਦੇਸ਼ ਦੀ ਪਹਿਲੀ ‘ਪੇਪਰਲੈੱਸ ਵਿਧਾਨ ਸਭਾ’ ਬਣ ਕੇ ਵੀ ਹੋਰ ਸੂਬਿਆਂ ਲਈ ਮਿਸਾਲ ਪੈਦਾ ਕੀਤੀ ਹੈ। ਇਸੇ ਦੌਰਾਨ ਰਾਸ਼ਟਰਪਤੀ ਨੇ ਸੂਬੇ ’ਚ ਹਾਲੀਆ ਕੁਦਰਤੀ ਆਫ਼ਤਾਂ ਕਾਰਨ ਜਾਨ ਗੁਆ ਚੁੱਕੇ ਲੋਕਾਂ ਦੇ ਵਾਰਸਾਂ ਨਾਲ ਹਮਦਰਦੀ ਦਾ ਇਜ਼ਹਾਰ ਵੀ ਕੀਤਾ।
ਇਸ ਤੋਂ ਪਹਿਲਾਂ ਸਪੀਕਰ ਵਿਪਿਨ ਸਿੰਘ ਪਰਮਾਰ ਅਤੇ ਹੋਰ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਵਿਸ਼ੇਸ਼ ਸੈਸ਼ਨ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਆਦਿ ਮੌਜੂਦ ਸਨ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਅਤੇ ਸਾਬਕਾ ਵਿਧਾਇਕ ਅਤੇ ਸੰਸਦ ਮੈਂਬਰ ਵੀ ਹਾਜ਼ਰ ਹੋਏ। ਇਸੇ ਦੌਰਾਨ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਕਿਤਾਬ ‘ਹੂ ਇਜ਼ ਹੂ’ ਵੀ ਰਿਲੀਜ਼ ਕੀਤੀ, ਜਿਸ ਦੀ ਇੱਕ ਕਾਪੀ ਰਾਸ਼ਟਰਪਤੀ ਨੂੰ ਭੇਟ ਕੀਤੀ ਗਈ। -ਪੀਟੀਆਈ