ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਹਰਸ਼ ਮਹਾਜਨ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ। ਉਸ ਨੇ ਦੋਸ਼ ਲਾਇਆ ਕਿ ਕਾਂਗਰਸ ‘ਦ੍ਰਿਸ਼ਟੀਹੀਣ’, ਦਿਸ਼ਾਹੀਣ ਅਤੇ ਆਗੂ ਵਿਹੂਣੀ ਹੋ ਗਈ ਹੈ। ਮਹਾਜਨ ਕਾਂਗਰਸ ਸਰਕਾਰ ਦੌਰਾਨ ਸੂਬਾਈ ਮੰਤਰੀ ਰਹਿ ਚੁੱਕੇ ਹਨ। ਉਹ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਦੇ ਨਜ਼ੀਦਕੀ ਸਹਿਯੋਗੀ ਸਨ। ਉਨ੍ਹਾਂ ਪ੍ਰਦੇਸ਼ ਕਾਂਗਰਸ ਨੂੰ ਕਰੜੇ ਹੱਥੀਂ ਲੈਣ ਦੇ ਨਾਲ ਕੇਂਦਰੀ ਲੀਡਰਸ਼ਿਪ ’ਤੇ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਦਿੱਲੀ ਵਾਂਗ ‘ਮਾਂ-ਪੁੱਤ’ ਦਾ ਸ਼ਾਸਨ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਇਸ ਸਮੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਹਨ। -ਪੀਟੀਆਈ