ਸ਼ਿਮਲਾ, 26 ਫਰਵਰੀ
ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨਾਲ ਅੱਜ ਕੁਝ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਕੰਪਲੈਕਸ ’ਚ ਕਥਿਤ ਤੌਰ ’ਤੇ ਧੱਕਾ-ਮੁੱਕੀ ਕੀਤੀ ਗਈ। ਸਪੀਕਰ ਵਿਪਿਨ ਪਰਮਾਰ ਨੇ ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ ਸਮੇਤ ਪੰਜ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਬਜਟ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਵਿਧਾਨ ਸਭਾ ’ਚੋਂ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਰਾਜਪਾਲ ਜਦੋਂ ਬਜਟ ਇਜਲਾਸ ਦੇ ਪਹਿਲੇ ਦਿਨ ਵਿਧਾਨ ਸਭਾ ’ਚ ਭਾਸ਼ਨ ਪੜ੍ਹਨ ਮਗਰੋਂ ਵਾਪਸ ਜਾ ਰਹੇ ਸਨ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਪੀਕਰ ਦੇ ਚੈਂਬਰ ਅੱਗੇ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਸਪੀਕਰ ਨੇ ਕਿਹਾ ਕਿ ਕਾਂਗਰਸ ਵਿਧਾਇਕਾਂ ਦੀ ਕਾਰਵਾਈ ਨਿਯਮਾਂ ਖ਼ਿਲਾਫ਼ ਹੈ। ਜਦੋਂ ਸੰਸਦੀ ਮਾਮਲਿਆਂ ਦੇ ਮੰਤਰੀ ਸੁਰੇਸ਼ ਭਾਰਦਵਾਜ ਵੱਲੋਂ ਮੁਕੇਸ਼ ਅਗਨੀਹੋਤਰੀ, ਹਰਸ਼ ਵਰਧਨ ਚੌਹਾਨ, ਸੁੰਦਰ ਸਿੰਘ ਠਾਕੁਰ, ਸਤਪਾਲ ਰਾਏਜ਼ਾਦਾ ਅਤੇ ਵਿਨੈ ਕੁਮਾਰ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਤਾਂ ਉਸ ਸਮੇਂ ਵਿਧਾਨ ਸਭਾ ’ਚ ਕੋਈ ਵੀ ਕਾਂਗਰਸੀ ਮੈਂਬਰ ਹਾਜ਼ਰ ਨਹੀਂ ਸੀ। ਮੰਤਰੀ ਭਾਰਦਵਾਜ ਨੇ ਕਿਹਾ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਧੱਕਾ-ਮੁੱਕੀ ਨੂੰ ਰਾਜਪਾਲ ’ਤੇ ਹਮਲਾ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮਾ ਕੀਤੇ ਜਾਣ ਕਾਰਨ ਰਾਜਪਾਲ ਨੇ ਆਪਣੇ ਭਾਸ਼ਨ ਦੀ ਸਿਰਫ਼ ਆਖਰੀ ਲਾਈਨ ਹੀ ਪੜ੍ਹੀ ਅਤੇ ਕਿਹਾ ਕਿ ਬਾਕੀ ਦਾ ਭਾਸ਼ਨ ਪੜ੍ਹਿਆ ਸਮਝਿਆ ਜਾਵੇ। ਕਾਂਗਰਸ ਮੈਂਬਰਾਂ ਨੇ ਦੋਸ਼ ਲਾਇਆ ਕਿ ਭਾਸ਼ਨ ਝੂਠ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਮੁੱਦਾ ਭਾਸ਼ਣ ’ਚ ਸ਼ਾਮਲ ਨਹੀਂ ਕੀਤਾ ਗਿਆ। ਮੁੱਖ ਮੰਤਰੀ ਵੱਲੋਂ 2021-22 ਦਾ ਬਜਟ 6 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। -ਪੀਟੀਆਈ