ਸ਼ਿਮਲਾ, 22 ਅਗਸਤ
ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਮਗਰੋਂ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 32 ਹੋ ਗਈ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਅੱਜ ਸੂਬੇ ਦੇ ਮੰਤਰੀ ਮੰਡਲ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਛੇ ਵਿਅਕਤੀ ਹਾਲੇ ਵੀ ਲਾਪਤਾ ਹਨ ਜਦਕਿ 12 ਵਿਅਕਤੀ ਜ਼ਖਮੀ ਹਨ। ਮੁੱਖ ਮੰਤਰੀ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 32 ਵਿਅਕਤੀਆਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਮੰਡੀ ਜ਼ਿਲ੍ਹੇ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ। -ਪੀਟੀਆਈ
ਮੱਧ ਪ੍ਰਦੇਸ਼ ਵਿੱਚ ਮੀਂਹ ਕਾਰਨ ਸਕੂਲ ਬੰਦ
ਭੁਪਾਲ: ਮੱਧ ਪ੍ਰਦੇਸ਼ ਵਿੱਚ ਅੱਜ ਲਗਾਤਾਰ ਤੀਜੇ ਦਿਨ ਮੀਂਹ ਜਾਰੀ ਰਹਿਣ ਕਾਰਨ ਭੁਪਾਲ ਤੇ ਜਬਲਪੁਰ ਸਮੇਤ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਰਹੇ। ਮੌਸਮ ਵਿਭਾਗ ਨੇ ਅੱਜ ਲਈ ਰੈੱਡ ਅਲਰਟ ਜਾਰੀ ਕਰਦਿਆਂ ਸੂਬੇ ਦੇ ਪੱਛਮੀ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਸੂਬੇ ਦੇ ਕਈ ਇਲਾਕਿਆਂ ਦੀਆਂ ਨਦੀਆਂ, ਨਾਲਿਆਂ ਅਤੇ ਹੋਰ ਜਲ ਸਰੋਤਾਂ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ ਅਤੇ ਪਾਣੀ ਛੱਡਣ ਲਈ ਡੈਮਾਂ ਦੇ ਗੇਟ ਖੋਲ੍ਹ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਲੋਕਾਂ ਨੂੰ ਯਾਤਰਾ ’ਤੇ ਨਾ ਨਿਕਲਣ ਦੀ ਸਲਾਹ ਦਿੱਤੀ ਹੈ। -ਪੀਟੀਆਈ