ਮੰਗਲੁਰੂ/ਬੰਗਲੁਰੂ, 8 ਫਰਵਰੀ
ਕਰਨਾਟਕ ’ਚ ਹਿਜਾਬ ਪਹਿਨਣ ’ਤੇ ਬਣੇ ਵਿਵਾਦ ਕਾਰਨ ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸੂਬੇ ਦੇ ਸਕੂਲਾਂ-ਕਾਲਜਾਂ ਨੂੰ ਅਗਲੇ ਤਿੰਨ ਦਿਨ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ। ਇਸੇ ਦੌਰਾਨ ਇਹ ਵਿਵਾਦ ਹੁਣ ਲਗਭਗ ਪੂਰੇ ਸੂਬੇ ਵਿਚ ਫੈਲ ਗਿਆ ਹੈ ਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਉੱਡੁਪੀ, ਸ਼ਿਵਮੋਗਾ ਤੇ ਬਾਗਲਕੋਟ ਦੀਆਂ ਕੁਝ ਵਿਦਿਅਕ ਸੰਸਥਾਵਾਂ ਵਿਚ ਤਣਾਅ ਬਰਕਰਾਰ ਹੈ। ਬਾਗਲਕੋਟ ਕੋਲ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ਦੌਰਾਨ ਪੁਲੀਸ ਨੇ ਹਲਕੀ ਤਾਕਤ ਵਰਤੀ। ਜ਼ਿਕਰਯੋਗ ਹੈ ਕਿ ਕਰਨਾਟਕ ਸਰਕਾਰ ਨੇ ਹਿਜਾਬ ਉਤੇ ਪਾਬੰਦੀ ਲਾ ਦਿੱਤੀ ਸੀ। ਮੁੱਖ ਮੰਤਰੀ ਨੇ ਵਿਦਿਆਰਥੀਆਂ, ਸਕੂਲ-ਕਾਲਜ ਸਟਾਫ਼ ਤੇ ਸੂਬੇ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਸਿਆਸੀ ਵਿਰੋਧੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਭੜਕਾਊ’ ਬਿਆਨਬਾਜ਼ੀ ਨਾ ਕਰਨ ਤੇ ਹਾਈ ਕੋਰਟ ਦੇ ਹੁਕਮ ਦੀ ਉਡੀਕ ਕਰਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਡਰੈੱਸ ਕੋਡ ਬਾਰੇ ਕਾਨੂੰਨ ਦਾ ਹੀ ਪਾਲਣ ਕਰ ਰਹੀ ਹੈ ਤੇ ਅਦਾਲਤ ਅੱਗੇ ਵੀ ਇਹੀ ਰੁਖ਼ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਜੋ ਵੀ ਫ਼ੈਸਲਾ ਸੁਣਾਏਗੀ, ਉਸ ਨੂੰ ਮੰਨਿਆ ਜਾਵੇਗਾ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਵੀ ਅੱਜ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਕਾਇਮ ਰੱਖਣ। ਉੱਡੁਪੀ ਦੇ ਸਰਕਾਰੀ ਕਾਲਜ (ਲੜਕੀਆਂ) ਦੀਆਂ ਕੁਝ ਵਿਦਿਆਰਥਣਾਂ ਨੇ ਅਦਾਲਤ ਵਿਚ ਇਸ ਮਾਮਲੇ ਉਤੇ ਪਟੀਸ਼ਨਾਂ ਵੀ ਦਾਇਰ ਕੀਤੀਆਂ ਹਨ। ਕਰਨਾਟਕ ਹਾਈ ਕੋਰਟ ਨੇ ਕਿਹਾ ਕਿ ਮਾਮਲੇ ’ਤੇ ਸੁਣਵਾਈ ਭਲਕੇ ਕੀਤੀ ਜਾਵੇਗੀ। ਪਟੀਸ਼ਨਾਂ ਵਿਚ ਮੰਗ ਕੀਤੀ ਗਈ ਹੈ ਕਿ ਅਦਾਲਤ ਇਹ ਸਪੱਸ਼ਟ ਕਰੇ ਕਿ ਵਿਦਿਆਰਥਣਾਂ ਨੂੰ ‘ਲਾਜ਼ਮੀ ਧਾਰਮਿਕ ਰਸਮਾਂ-ਰਿਵਾਜ਼ਾਂ ਨੂੰ ਮੰਨਣ, ਕਾਲਜ ਕੈਂਪਸ ਵਿਚ ਇਸਲਾਮਿਕ ਵਿਸ਼ਵਾਸਾਂ ਮੁਤਾਬਕ ਹਿਜਾਬ ਪਹਿਨਣ ਦਾ ਸੰਵਿਧਾਨਕ ਹੱਕ ਹੈ।’ ਜਸਟਿਸ ਕ੍ਰਿਸ਼ਨਾ ਐੱਸ ਦੀਕਸ਼ਿਤ ਨੇ ਕਿਹਾ ਕਿ ਲੋਕ ਸੰਵਿਧਾਨ ਵਿਚ ਯਕੀਨ ਰੱਖਣ ਤੇ ਸਿਰਫ਼ ਕੁਝ ਸ਼ਰਾਰਤੀ ਲੋਕ ਹੀ ਇਸ ਮੁੱਦੇ ਨੂੰ ਭਖ਼ਦਾ ਰੱਖ ਰਹੇ ਹਨ। ਅਦਾਲਤ ਨੇ ਨਾਲ ਹੀ ਕਿਹਾ ਕਿ ਰੋਸ ਮੁਜ਼ਾਹਰੇ, ਨਾਅਰੇਬਾਜ਼ੀ ਤੇ ਵਿਦਿਆਰਥੀਆਂ ਵੱਲੋਂ ਇਕ-ਦੂਜੇ ਉਤੇ ਹਮਲੇ ਕਰਨਾ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਨੇ ਅਦਾਲਤ ਵਿਚ ਮੰਗ ਕੀਤੀ ਕਿ ਜਨਤਕ ਮੁਜ਼ਾਹਰਿਆਂ ’ਤੇ ਰੋਕ ਦੇ ਅੰਤ੍ਰਿਮ ਹੁਕਮ ਜਾਰੀ ਕੀਤੇ ਜਾਣ। ਪਟੀਸ਼ਨਕਰਤਾਵਾਂ ਵੱਲੋਂ ਪੇਸ਼ ਹੋਏ ਵਕੀਲ ਨੇ ਅਪੀਲ ਕੀਤੀ ਕਿ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਕਲਾਸਾਂ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਪ੍ਰੀਖਿਆਵਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ਸਰਕਾਰ ਵੱਲੋਂ 5 ਫਰਵਰੀ ਨੂੰ ਸਕੂਲਾਂ ਵਿਚ ਕੇਵਲ ਵਰਦੀਆਂ ਹੀ ਪਹਿਨਣ ਬਾਰੇ ਜਾਰੀ ਕੀਤਾ ਗਿਆ ਹੁਕਮ ਸੰਵਿਧਾਨ ਵਿਚ ਮਿਲੇ ਹੱਕਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਹਿਜਾਬ ਵਾਲੇ ਕੁਝ ਵਿਦਿਆਰਥੀਆਂ ਨੂੰ ਆਉਣ ਦਿੱਤਾ ਜਾ ਰਿਹਾ ਹੈ ਪਰ ਵੱਖਰੇ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅੱਜ ਉੱਡੁਪੀ ਵਿਚ ਮਨੀਪਾਲ ਸਥਿਤ ਐਮਜੀਐਮ ਕਾਲਜ ਵਿਚ ਵੀ ਵਿਦਿਆਰਥੀਆਂ ਦੇ ਦੋ ਧੜਿਆਂ ਨੇ ਇਕ-ਦੂਜੇ ਦਾ ਵਿਰੋਧ ਕੀਤਾ। ਵਿਦਿਆਰਥੀਆਂ ਦੇ ਇਕ ਧੜੇ ਨੇ ਹਿਜਾਬ ਤੇ ਬੁਰਕੇ ਪਾਏ ਹੋਏ ਸਨ ਤੇ ਦੂਜੇ ਨੇ ਭਗਵੇਂ ਸ਼ਾਲ ਲਪੇਟੇ ਹੋਏ ਸਨ। ਉਨ੍ਹਾਂ ਕਾਲਜ ਕੈਂਪਸ ਵਿਚ ਇਕ-ਦੂਜੇ ਵਿਰੁੱਧ ਨਾਅਰੇਬਾਜ਼ੀ ਕੀਤੀ। -ਪੀਟੀਆਈ
ਵਿਦਿਆਰਥੀ ਨੇ ਕਾਲਜ ਕੈਂਪਸ ’ਚ ਭਗਵਾਂ ਝੰਡਾ ਲਾਇਆ
ਹਿਜਾਬ ਬਾਰੇ ਬਣੇ ਵਿਵਾਦ ਦੌਰਾਨ ਅੱਜ ਸ਼ਿਮੋਗਾ ਦੇ ਕਾਲਜ ’ਚ ਇਕ ਵਿਦਿਆਰਥੀ ਨੇ ਭਗਵਾਂ ਝੰਡਾ ਲਹਿਰਾ ਦਿੱਤਾ। ਇਸ ਬਾਰੇ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੈ। ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਦਾਅਵਾ ਕੀਤਾ ਕਿ ਕੈਂਪਸ ਵਿਚ ਤਿਰੰਗਾ ਉਤਾਰ ਕੇ ਭਗਵਾਂ ਝੰਡਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕਰਨਾਟਕ ਭਾਜਪਾ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੋਇਆ ਹੈ ਤਾਂ ਸਰਕਾਰ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਸ਼ਿਵਕੁਮਾਰ ਕੋਲੋਂ ਇਸ ਘਟਨਾ ਦਾ ਸਬੂਤ ਵੀ ਮੰਗਿਆ।
ਹਿਜਾਬ ਪਹਿਨਣ ਵਾਲੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕੀਤਾ
ਮੁਸਲਿਮ ਲੜਕੀਆਂ ਹਿਜਾਬ ਪਹਿਨਣ ਦੇ ਆਪਣੇ ਰੁਖ਼ ਉਤੇ ਕਾਇਮ ਹਨ। ਅੱਜ ਮਾਂਡਿਆ ਦੀ ਵੀ ਇਕ ਵੀਡੀਓ ਵਾਇਰਲ ਹੋਈ ਹੈ ਜਿੱਥੇ ਲੜਕਿਆਂ ਦਾ ਇਕ ਗਰੁੱਪ ਹਿਜਾਬ ਪਹਿਨੀ ਲੜਕੀ ਨੂੰ ਤੰਗ ਕਰ ਰਿਹਾ ਹੈ। ਲੜਕੀ ਨੇ ਕਿਹਾ ਕਿ ਉਸ ਦਾ ਵਿਰੋਧ ਕਰਨ ਵਾਲੇ ‘ਬਾਹਰੀ’ ਸਨ ਤੇ ਉਸ ਦੀ ਸੰਸਥਾ ਦੇ ਸਟਾਫ਼ ਨੇ ਪੂਰੀ ਹਮਾਇਤ ਕੀਤੀ ਹੈ। ਏਆਈਐਮਆਈਐਮ ਆਗੂ ਅਸਦੂਦੀਨ ਓਵੈਸੀ ਨੇ ਲੜਕੀਆਂ ਦੀ ਹਮਾਇਤ ਕੀਤੀ ਹੈ। ਪੀਡੀਪੀ ਆਗੂ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਯੂਪੀ ਚੋਣਾਂ ਦੇ ਮੱਦੇਨਜ਼ਰ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।