ਅਯੁੱਧਿਆ/ਮੁੰਬਈ/ਪੁਣੇ, 10 ਫਰਵਰੀ
ਕਰਨਾਟਕ ’ਚ ਹਿਜਾਬ ਵਿਵਾਦ ਵਿਚਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਦੀ ਸ਼ਾਖਾ ਮੁਸਲਿਮ ਕੌਮੀ ਮੰਚ (ਐੱਮਆਰਐੱਮ) ਨੇ ਬੁਰਕਾ ਪਹਿਨੀ ਉਸ ਲੜਕੀ ਦੀ ਹਮਾਇਤ ਕੀਤੀ ਜਿਸ ਨੂੰ ਕਰਨਾਟਕ ਦੇ ਇੱਕ ਕਾਲਜ ’ਚ ‘ਜੈ ਸ੍ਰੀਰਾਮ’ ਦੇ ਨਾਅਰੇ ਲਾਉਂਦੇ ਨੌਜਵਾਨਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਐੱਮਆਰਐੱਮ ਦੇ ਸੂਬਾਈ ਆਗੂ ਅਨਿਲ ਸਿੰਘ ਨੇ ਕਿਹਾ, ‘ਉਹ (ਖਾਨ) ਸਾਡੇ ਭਾਈਚਾਰੇ ਦੀ ਧੀ ਤੇ ਭੈਣ ਹੈ। ਅਸੀਂ ਇਸ ਸੰਕਟ ਦੀ ਘੜੀ ’ਚ ਉਸ ਦੇ ਨਾਲ ਖੜ੍ਹੇ ਹਾਂ।’ ਇਸੇ ਦੌਰਾਨ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਗੁਆਂਢੀ ਸੂਬੇ ’ਚ ਪੈਦਾ ਹੋੲ ਵਿਵਾਦ ਨੂੰ ਮੰਦਭਾਗਾ ਕਰਾਰ ਦਿੱਤਾ ਅਤੇ ਸੂਬਾ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਨੂੰ ਸਮਾਜ ’ਚ ਵੰਡ ਨਾ ਪੈਣ ਦੇਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਤਿਲੰਗਾਨਾ ਦੇ ਮੁੱਖ ਮੰਤਰੀ ਦੀ ਧੀ ਕਲਵਕੁੰਤਲਾ ਕਵਿਤਾ ਨੇ ਕਿਹਾ ਕਿ ਇਹ ਫ਼ੈਸਲਾ ਮਹਿਲਾਵਾਂ ਨੂੰ ਖੁਦ ਕਰਨ ਦੇਣਾ ਚਾਹੀਦਾ ਹੈ ਕਿ ਉਹ ਕੀ ਪਹਿਨਣਾ ਚਾਹੁੰਦੀਆਂ ਹਨ। -ਪੀਟੀਆਈ
ਮੁਸਕਾਨ ਖਾਨ ਲਈ ਇਨਾਮ ਐਲਾਨਣ ਵਾਲੀ ਮੁਸਲਿਮ ਜਥੇਬੰਦੀ ਖ਼ਿਲਾਫ਼ ਸ਼ਿਕਾਇਤ
ਮਾਂਡਿਆ (ਕਰਨਾਟਕ): ਨਰੇਂਦਰ ਮੋਦੀ ਵਿਚਾਰ ਮੰਚ ਨੇ ਮਾਂਡਿਆ ਥਾਣੇ ’ਚ ਮੁਸਲਿਮ ਜਥੇਬੰਦੀ ਜਮਾਇਤ ਉਲੇਮਾ-ਏ-ਹਿੰਦ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ ਕਿ ਇਸ ਜਥੇਬੰਦੀ ਨੇ ਉਸ ਵਿਦਿਆਰਥਣ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਜਿਸ ਨੇ ਕਰਨਾਟਕ ਦੇ ਜ਼ਿਲ੍ਹੇ ’ਚ ਹਿਜਾਬ ਵਿਵਾਦ ਦੌਰਾਨ ‘ਅੱਲ੍ਹਾ ਹੂ ਅਕਬਰ’ ਦਾ ਨਾਅਰਾ ਮਾਰਿਆ ਸੀ। ਜ਼ਿਕਰਯੋਗ ਹੈ ਕਿ ਮੁਸਕਾਨ ਖਾਨ ਨਾਂ ਦੀ ਵਿਦਿਆਰਥਣ ਨੇ ਉਸ ਸਮੇਂ ਅੱਲ੍ਹਾ ਹੂ ਅਕਬਰ ਦਾ ਨਾਅਰਾ ਮਾਰਦੇ ਹੋਏ ਇਕੱਲਿਆਂ ਭੀੜ ਦਾ ਸਾਹਮਣਾ ਕੀਤਾ ਸੀ ਜਦੋਂ ਵੱਡੀ ਗਿਣਤੀ ’ਚ ਵਿਦਿਆਰਥੀ ‘ਜੈ ਸ੍ਰੀਰਾਮ’ ਦੇ ਨਾਅਰੇ ਮਾਰਦੇ ਹੋਏ ਉਸ ਦਾ ਪਿੱਛਾ ਕਰ ਰਹੇ ਸਨ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਲੜਕੀ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਜਮਾਇਤ ਉਲੇਮਾ ਏ ਹਿੰਦ ਨੇ ਉਸ ਨੂੰ ਆਪਣੇ ਹੱਕਾਂ ਲਈ ਡਟਣ ਲਈ ਪੰਜ ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। -ਆਈਏਐੱਨਐੱਸ