ਅਹਿਮਦਾਬਾਦ, 12 ਅਗਸਤ
ਭਾਰਤੀ ਹਵਾਈ ਸੈਨਾ ਨੇ ਕੋਵਿਡ ਰੋਕੂ ਟੀਕਾ ਨਾ ਲਗਵਾਉਣ ਵਾਲੇ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਵਾਈ ਫੌਜ ਲਈ ਕੋਵਿਡ ਰੋਕੂ ਟੀਕਾ ਲਗਵਾਉਣਾ ਜ਼ਰੂਰੀ ਹੈ ਤੇ ਇਹ ਮੱਦ ਨੌਕਰੀ ਦੀਆਂ ਸ਼ਰਤਾਂ ਵਿੱਚ ਵੀ ਸ਼ਾਮਲ ਹੈ। ਬਰਖ਼ਾਸਤ ਕੀਤੇ ਹਵਾਈ ਫੌਜ ਦੇ ਕਾਰਪੋਰਲ ਯੋਗੇਂਦਰ ਕੁਮਾਰ ਨੇ ਗੁਜਰਾਤ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਜਾਮਨਗਰ ਵਿੱਚ ਕੇਸ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਦੇਵਾਂਗ ਵਿਆਸ ਨੇ ਜਸਟਿਸ ਏ. ਜੇ. ਦੇਸਾਈ ਤੇ ਏ. ਪੀ. ਠੱਕਰ ਦੇ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ ਹਵਾਈ ਫੌਜ ਦੇ 9 ਅਧਿਕਾਰੀਆਂ ਨੇ ਕੋਵਿਡ ਰੋਕੂ ਟੀਕਾ ਲਗਵਾਉਣ ਤੋਂ ਇਨਕਾਰ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇਕ ਅਧਿਕਾਰੀ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ ਜਿਸ ਕਾਰਨ ਉਸ ਨੂੰ ਹਵਾਈ ਫੌਜ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਹਾਈ ਕੋਰਟ ਨੇ ਹਵਾਈ ਸੈਨਾ ਨੂੰ ਹੁਕਮ ਦਿੱਤੇ ਹਨ ਕਿ ਬਰਖਾਸਤ ਕੀਤੇ ਅਧਿਕਾਰੀ ਦੇ ਕੇਸ ਬਾਰੇ ਮੁੜ ਵਿਚਾਰ ਕੀਤਾ ਜਾਵੇ। -ਪੀਟੀਆਈ