ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਪਰੈਲ
ਭਾਜਪਾ ਦੇ ਯੂਥ ਵਿੰਗ ਭਾਰਤੀ ਯੁਵਾ ਮੋਰਚਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਕੋਲ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਹੁੱਲੜਬਾਜ਼ੀ ਕੀਤੇ ਜਾਣ ਨਾਲ ਜੁੜੀ ਦਿੱਲੀ ਪੁਲੀਸ ਦੀ ਰਿਪੋਰਟ ’ਤੇ ਹਾਈ ਕੋਰਟ ਨੇ ਨਾਰਾਜ਼ਗੀ ਪ੍ਰਗਟਾਈ ਹੈ। ਅਦਾਲਤ ਨੇ ਪੁਲੀਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਉਪਰ ਸਵਾਲ ਉਠਾਉਂਦਿਆਂ ਕਿਹਾ ਕਿ ਪੁਲੀਸ ਘਟਨਾ ਰੋਕਣ ਵਿੱਚ ਨਾਕਾਮ ਰਹੀ ਜਿਸ ਤੋਂ ਸਪੱਸ਼ਟ ਹੈ ਕਿ ਇਹ ਉਸ ਦੀ ਵੱਡੀ ਅਸਫ਼ਲਤਾ ਸੀ। ਡਵੀਜ਼ਨ ਬੈਂਚ ਨੇ ਕਿਹਾ ਕਿ ਕਿਸੇ ਵੀ ਸੰਵਿਧਾਨਕ ਅਹੁਦੇ ਉਪਰ ਬੈਠੇ ਵਿਅਕਤੀ ਦੀ ਰਿਹਾਇਸ਼ ’ਤੇ ਅਜਿਹੀ ਘਟਨਾ ਵਾਪਰਨਾ ਮੰਦਭਾਗਾ ਹੈ, ਉਹ ਭਾਵੇਂ ਮੁੱਖ ਮੰਤਰੀ ਹੋਵੇ, ਕੋਈ ਜੱਜ ਹੋਵੇ ਜਾਂ ਕੋਈ ਕੇਂਦਰੀ ਮੰਤਰੀ ਹੋਵੇ। ਬੈਂਚ ਨੇ ਪੁਲੀਸ ਨੂੰ ਸਵਾਲ ਕੀਤਾ ਕਿ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਾਂ ਦੀ ਕਿਵੇਂ ਉਲੰਘਣਾ ਕਿਵੇਂ ਕੀਤੀ। ਅਦਾਲਤ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਕਿਹਾ ਕਿ ਉਹ ਜਾਂਚ ਕਰਨ ਕਿ ਪੁਲੀਸ ਦੀ ਨਾਕਾਮੀ ਦੇ ਕੀ ਕਾਰਨ ਹਨ। ਉਨ੍ਹਾਂ ਇਸ ਕੋਤਾਹੀ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਵੀ ਕਿਹਾ ਹੈ। ਇਸ ਕੇਸ ਦੀ ਸੁਣਵਾਈ 17 ਮਈ ਨੂੰ ਸੂਚੀਬੱਧ ਕੀਤੀ ਗਈ ਹੈ।