ਬੰਗਲੁਰੂ, 12 ਜਨਵਰੀ
ਕਰਨਾਟਕ ਹਾਈ ਕੋਰਟ ਨੇ ਅੱਜ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਕਿਹਾ ਕਿ ਉਹ 14 ਜਨਵਰੀ ਤੱਕ ਅਦਾਲਤ ਨੂੰ ਦੱਸਣ ਕਿ ਕੀ ਉਨ੍ਹਾਂ ‘ਵਾਕ ਫਾਰ ਵਾਟਰ’ ਲਈ ਲੋੜੀਂਦੀ ਇਜਾਜ਼ਤ ਲਈ ਸੀ। ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਸੂਬੇ ਵਿਚ ‘ਪਦਯਾਤਰਾ’ ਕੱਢੀ ਜਾ ਰਹੀ ਹੈ। ਪਟੀਸ਼ਨ ਉਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਦੇ ਬੈਂਚ ਨੇ ਰਾਜ ਸਰਕਾਰ ਨੂੰ ਵੀ ਹੁਕਮ ਦਿੱਤਾ ਕਿ ਅਦਾਲਤ ਨੂੰ ਦੱਸਿਆ ਜਾਵੇ ਕਿ ਕੇਪੀਸੀਸੀ ਨੂੰ ਰੈਲੀ ਲਈ ਮਨਜ਼ੂਰੀ ਕਿਵੇਂ ਦਿੱਤੀ ਗਈ। ਅਦਾਲਤ ਨੇ ਕਾਂਗਰਸ ਨੂੰ ਰੈਲੀ ਦੌਰਾਨ ਕੋਵਿਡ ਨੇਮਾਂ ਦੀ ਪਾਲਣਾ ਕੀਤੇ ਜਾਣ ਬਾਰੇ ਵੀ ਪੁੱਛਿਆ ਹੈ। ਜ਼ਿਕਰਯੋਗ ਹੈ ਕਿ ਕੋਵਿਡ ਦੇ ਵਧਦੇ ਕੇਸਾਂ ਦੀ ਮੱਦੇਨਜ਼ਰ ਕਰਨਾਟਕ ਸਰਕਾਰ ਨੇ 4 ਜਨਵਰੀ ਨੂੰ ਰੋਸ ਮੁਜ਼ਾਹਰਿਆਂ ਤੇ ਲੋਕਾਂ ਦੇ ਇਕੱਠ ਉਤੇ ਪਾਬੰਦੀ ਲਾ ਦਿੱਤੀ ਸੀ। ਦੱਸਣਯੋਗ ਹੈ ਕਿ ਕਾਂਗਰਸ ਨੇ ਆਪਣੀ 10 ਦਿਨਾ ‘ਪਦਯਾਤਰਾ’ ਨੌਂ ਜਨਵਰੀ ਨੂੰ ਸ਼ੁਰੂ ਕੀਤੀ ਸੀ। ਪਾਰਟੀ ਕਾਵੇਰੀ ਨਦੀ ਦੇ ਆਰ-ਪਾਰ ਮੇਕੇਦਾਤੂ ਪ੍ਰਾਜੈਕਟ ਨੂੰ ਲਾਗੂ ਕਰਨ ਦੀ ਮੰਗ ਕਰ ਰਹੀ ਹੈ। ਇਸੇ ਦੌਰਾਨ ਅੱਜ ਕਾਂਗਰਸ ਦੀ ਪੈਦਲ ਯਾਤਰਾ ਚੌਥੇ ਦਿਨ ਵੀ ਜਾਰੀ ਰਹੀ ਤੇ ਇਸ ਖ਼ਿਲਾਫ਼ ਤੀਜੀ ਐਫਆਈਆਰ ਦਰਜ ਹੋ ਗਈ ਹੈ। ਕੋਵਿਡ ਦੇ ਨੇਮਾਂ ਦੀ ਉਲੰਘਣਾ ’ਤੇ ਡੀ.ਕੇ. ਸ਼ਿਵਾਕੁਮਾਰ ਤੇ ਸਿੱਧਾਰਮਈਆ ਸਣੇ 64 ਆਗੂਆਂ ਖ਼ਿਲਾਫ਼ ਐਫਆਈਆਰ ਹੋਈ ਹੈ। ਸੱਤਾਧਾਰੀ ਭਾਜਪਾ ਦੇ ਵਿਧਾਇਕਾਂ ਨੇ ਵੀ ਕਰਨਾਟਕ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੋਵਿਡ ਦੇ ਮੱਦੇਨਜ਼ਰ ਕਾਂਗਰਸ ਦੀ ‘ਪਦਯਾਤਰਾ’ ਰੋਕੀ ਜਾਵੇ। -ਪੀਟੀਆਈ