ਨਵੀਂ ਦਿੱਲੀ, 18 ਜੂਨ
ਮ੍ਰਿਤਕ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਣਾਏ ਫ਼ੈਸਲੇ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭੁੱਲਰ ਦੇ ਪਿਤਾ ਨੇ ਉਸ ਦਾ ਦੂਜੀ ਵਾਰ ਪੋਸਟਮਾਰਟਮ ਕਰਵਾਉਣ ਲਈ ਹਾਈ ਕੋਰਟ ਪਹੁੰਚ ਕੀਤੀ ਸੀ। ਪਰ ਹਾਈ ਕੋਰਟ ਨੇ ਅਪੀਲ ਰੱਦ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਭੁੱਲਰ ਦੇ ਪਿਤਾ ਦੀ ਅਰਜ਼ੀ ਉਤੇ ਸੁਣਵਾਈ ਕਰਨ ਲਈ ਕਿਹਾ ਹੈ। ਹਾਈ ਕੋਰਟ ਨੇ ਅਰਜ਼ੀ ਰੱਦ ਕਰਨ ਪਿੱਛੇ ਅਧਿਕਾਰ ਖੇਤਰ ਦਾ ਹਵਾਲਾ ਦਿੱਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ 21 ਜੂਨ ਨੂੰ ਅਰਜ਼ੀ ’ਤੇ ਮੁੜ ਸੁਣਵਾਈ ਕਰ ਸਕਦਾ ਹੈ। ਜਸਟਿਸ ਇੰਦਰਾ ਬੈਨਰਜੀ ਤੇ ਐਮ.ਆਰ. ਸ਼ਾਹ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਉਹ ਦੇਹ ਦੀ ਸੰਭਾਲ ਲਈ ਢੁੱਕਵੇਂ ਪ੍ਰਬੰਧ ਕਰੇ ਜੋ ਕਿ ਕੋਲਕਾਤਾ ਤੋਂ ਪੰਜਾਬ ਦੇ ਫ਼ਿਰੋਜ਼ਪੁਰ ਲਿਆਂਦੀ ਗਈ ਹੈ। ਜ਼ਿਕਰਯੋਗ ਹੈ ਕਿ ਭੁੱਲਰ ਤੇ ਇਕ ਹੋਰ ਗੈਂਗਸਟਰ ਜਸਪ੍ਰੀਤ ਸਿੰਘ ਲੁਧਿਆਣਾ ਵਿਚ ਪੁਲੀਸ ਅਧਿਕਾਰੀਆਂ ਦੀ ਹੱਤਿਆ ਦੇ ਕੇਸ ਵਿਚ ਲੋੜੀਂਦੇ ਸਨ। ਸੁਪਰੀਮ ਕੋਰਟ ਵਿਚ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦੀ ਵਕੀਲ ਇਸ਼ਮਾ ਰੰਧਾਵਾ ਨੇ ਦੋਸ਼ ਲਾਇਆ ਕਿ ਇਹ ਫ਼ਰਜ਼ੀ ਮੁਕਾਬਲਾ ਸੀ ਤੇ ਉਨ੍ਹਾਂ ਦੀ ਹਿਰਾਸਤ ਵਿਚ ਤਸ਼ੱਦਦ ਕਰ ਕੇ ਹੱਤਿਆ ਕੀਤੀ ਗਈ ਹੈ। ਵਕੀਲ ਨੇ ਦਾਅਵਾ ਕੀਤਾ ਕਿ ਭੁਪਿੰਦਰ ਸਿੰਘ ਨੇ ਲਾਸ਼ ਦੇਖੀ ਹੈ ਤੇ ਉਹ ਨੀਲੀ ਹੋ ਗਈ ਹੈ, ਹੱਡੀਆਂ ਟੁੱਟੀਆਂ ਹੋਈਆਂ ਹਨ। ਵਕੀਲ ਨੇ ਕਿਹਾ ਕਿ ਭੁੱਲਰ ਦੇ ਪਿਤਾ ਖ਼ੁਦ ਹੀ ਕੋਲਕਾਤਾ ਗਏ ਸਨ ਤੇ ਦੇਹ ਪੰਜਾਬ ਲੈ ਕੇ ਆਏ ਹਨ। ਭੁਪਿੰਦਰ ਦੇ ਪਿਤਾ ਨੇ ਅਦਾਲਤ ਵਿਚ ਕਿਹਾ ਕਿ ਉਹ ਬਸ ਇਹੀ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਵੇਂ ਮਾਰਿਆ ਗਿਆ, ਕੀ ਇਹ ਹਿਰਾਸਤੀ ਤਸ਼ੱਦਦ ਸੀ ਜਾਂ ਨਹੀਂ। ਭੁਪਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਉਨ੍ਹਾਂ ਨੂੰ ਇਹ ਹੱਕ ਦਿੰਦਾ ਹੈ। -ਪੀਟੀਆਈ