ਨਵੀਂ ਦਿੱਲੀ, 13 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਯੁਰਵੇਦ ਭਾਰਤ ਦੀ ਵਿਰਾਸਤ ਹੈ, ਜਿਸ ਦਾ ਵਿਸਥਾਰ ਪੂਰੀ ਮਨੁੱਖਤਾ ਦੀ ਭਲਾਈ ਸਮੋਈ ਬੈਠਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਲਾਗ ਤੋਂ ਬਚ ਕੇ ਭਾਰਤ ਅੱਜ ਜਿਸ ਸਥਿਤੀ ਵਿੱਚ ਹੈ, ਉਸ ਵਿੱਚ ਰਵਾਇਤੀ ਚਕਿਤਸਾ ਤਕਨੀਕ ਦਾ ਬਹੁਤ ਵੱਡਾ ਯੋਗਦਾਨ ਹੈ। ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਅੱਜ ਇਥੇ 5ਵੇਂ ਆਯੁਰਵੇਦ ਦਿਹਾੜੇ ’ਤੇ ਆਯੁਰਵੇਦ ਸੰਸਥਾਵਾਂ, ਜਾਮਨਗਰ ਦੇ ਆਯੁਰਵੇਦ ਅਧਿਆਪਨ ਤੇ ਖੋਜ ਸੰਸਥਾਨ (ਆਈਟੀਆਰਏ) ਤੇ ਜੈਪੁਰ ਦੇ ਕੌਮੀ ਆਯੁਰਵੇਦ ਸੰਸਥਾਨ (ਐੱਨਆਈਏ) ਰਾਸ਼ਟਰ ਨੂੰ ਸਮਰਪਿਤ ਕਰਨ ਮੌਕੇ ਕੀਤੀਆਂ। -ਪੀਟੀਆਈ
ਡਬਲਿਊਐੱਚਓ ਵੱਲੋਂ ਭਾਰਤ ਵਿੱਚ ਰਵਾਇਤੀ ਦਵਾਈਆਂ ਬਾਰੇ ਸੈਂਟਰ ਖੋਲ੍ਹਣ ਦਾ ਐਲਾਨ
ਨਵੀਂ ਦਿੱਲੀ, 13 ਨਵੰਬਰ
ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਭਾਰਤ ਵਿੱਚ ਰਵਾਇਤੀ ਦਵਾਈਆਂ ਲਈ ਆਲਮੀ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬਰੇਆਸਿਸ ਨੇ ਇਹ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਮੂਲੀਅਤ ਵਾਲੇ ਸਮਾਗਮ ’ਚ ਇਕ ਵੀਡੀਓ ਸੁਨੇਹੇ ਰਾਹੀਂ ਕੀਤਾ। ਉਨ੍ਹਾਂ ਕਿਹਾ, ‘ਮੈਨੂੰ ਇਹ ਐਲਾਨ ਕਰਦਿਆਂ ਖੁ਼ਸ਼ੀ ਹੋ ਰਹੀ ਹੈ ਕਿ ਅਸੀਂ ਭਾਰਤ ਵਿੱਚ ਰਵਾਇਤੀ ਦਵਾਈਆਂ ਲਈ ਡਬਲਿਊਐੱਚਓ ਗਲੋਬਲ ਸੈਂਟਰ ਖੋਲ੍ਹਣ ਦੀ ਸਹਿਮਤੀ ਦੇ ਦਿੱਤੀ ਹੈ। ਇਸ ਸੈਂਟਰ ਦੇ ਖੁੱਲ੍ਹਣ ਨਾਲ ਰਵਾਇਤੀ ਤੇ ਪੂਰਕ ਦਵਾਈਆਂ ਦੀ ਖੋਜ, ਟਰੇਨਿੰਗ ਤੇ ਇਨ੍ਹਾਂ ਬਾਰੇ ਜਾਗਰੂਕਤਾ ’ਚ ਮਦਦ ਮਿਲੇਗੀ। -ਪੀਟੀਆਈ