ਨਵੀਂ ਦਿੱਲੀ, 19 ਅਪਰੈਲ
ਭਾਰਤੀ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਨੇ ਚੀਨ ਨਾਲ ਸਰਹੱਦੀ ਵਿਵਾਦ ਦਾ ਸਪੱਸ਼ਟ ਹਵਾਲਾ ਦਿੰਦਿਆਂ ਕਿਹਾ ਕਿ ਵਿਰਾਸਤੀ ਮਸਲਿਆਂ ਅਤੇ ਮਤਭੇਦਾਂ ਦਾ ਹੱਲ ਇਕਪਾਸੜ ਕਾਰਵਾਈ ਦੀ ਬਜਾਇ ਆਪਸੀ ਸਹਿਮਤੀ ਤੇ ਗੱਲਬਾਤ ਨਾਲ ਕੱਢਣ ਦੀ ਲੋੜ ਹੈ। ਸੋਮਵਾਰ ਇੱਕ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਸ੍ਰੀ ਨਰਵਾਣੇ ਨੇ ਕਿਹਾ ਕਿ ਚੀਨ ਨਾਲ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਸਕਾਰਾਤਮਕ ਘਟਨਕ੍ਰਮ ਹੋਏ ਜਿਸ ਸਦਕਾ ਪੂਰਬੀ ਲੱਦਾਖ ’ਚ ਪੈਂਗੋਂਗ ਝੀਲ ਤੋਂ ਸੈਨਿਕਾਂ ਦੀ ਵਾਪਸੀ ਹੋਈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ’ਚ ਕੁਝ ਚੀਜ਼ਾਂ ਨੂੰ ਦੁਬਾਰਾ ਵਾਪਰਨ ਤੋਂ ਬਚਣ ਅਤੇ ਸ਼ਾਂਤੀ ਅਤੇ ਸਥਿਰਤਾ ਨੂੰ ਸੰਯੁਕਤ ਰੂਪ ਨਾ ਬਣਾਈ ਰੱਖਣ ਸਬੰਧੀ ਚੀਨੀ ਸਫੀਰ ਸੁਨ ਵੀਡੋਂਗ ਦੀ ਹਾਲੀਆ ਟਿੱਪਣੀ ਭਵਿੱਖ ’ਚ ਭਾਰਤ-ਚੀਨ ਸਬੰਧਾਂ ਲਈ ਇੱਕ ਚੰਗਾ ਸੰਕੇਤ ਹੈ। ਜਨਰਲ ਨਰਵਾਣੇ ਨੇ ਕਿਹਾ, ‘ਹਾਲੀਆ ਸਮੇਂ ’ਚ ਅਸੀਂ ਇਸ ਸਾਲ ਫਰਵਰੀ ਮਹੀਨੇ ਪਾਕਿਸਤਾਨ ਦੀ ਫੌਰ ਨਾਲ ਗੋਲੀਬੰਦੀ ਸਬੰਧੀ ਇੱਕ ਨਵੀਂ ਸਮਝ ’ਤੇ ਪੁਹੰਚੇ ਹਾਂ ਅਤੇ ਉਦੋਂ ਤੋਂ ਕੰਟਰੋਲ ਰੇਖਾ ’ਤੇ ਕੋਈ ਗੋਲੀਬਾਰੀ ਨਹੀਂ ਹੋਈ। ਇਹ ਭਵਿੱਖ ਲਈ ਚੰਗਾ ਹੈ।’ ਉਨ੍ਹਾਂ ਕਿਹਾ ਕਿ ਚੀਨ ਨਾਲ ਐੱਲਏਸੀ ’ਤੇ ਸਾਰਥਕ ਘਟਨਾਕ੍ਰਮ ਰਹੇ ਹਨ, ਜਿਸ ਸਦਕਾ ਪੂਰਬੀ ਲੱਦਾਖ ’ਚ ਪੈਂਗੋਂਗ ਝੀਲ ਤੋਂ ਸੈਨਿਕਾਂ ਦੀ ਵਾਪਸੀ ਹੋਈ। -ਪੀਟੀਆਈ