ਤਿੰਨ ਅਗਸਤ ਨੂੰ ਰਣਜੀਤ ਸਾਗਰ ਡੈਮ ’ਚ ਡਿੱਗਿਆ ਸੀ ਹੈਲੀਕਾਪਟਰ
ਜੰਮੂ, 17 ਅਕਤੂਬਰ
ਦੋ ਮਹੀਨੇ ਪਹਿਲਾਂ ਹਾਦਸਾਗ੍ਰਸਤ ਹੋਏ ਫ਼ੌਜੀ ਹੈਲੀਕਾਪਟਰ ਦੇ ਪਾਇਲਟ ਦੀ ਲਾਸ਼ ਲੱਭ ਲਈ ਗਈ ਹੈ। ਹੈਲੀਕਾਪਟਰ ਰਣਜੀਤ ਸਾਗਰ ਡੈਮ ਵਿੱਚ ਡਿੱਗਿਆ ਸੀ ਤੇ ਪਾਇਲਟ ਦੀ ਦੇਹ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਝੀਲ ਦੀ ਸਤ੍ਵਾ ਤੋਂ ਮਿਲੀ ਹੈ। ਲਾਪਤਾ ਫ਼ੌਜੀ ਅਧਿਕਾਰੀ ਕੈਪਟਨ ਜੈਅੰਤ ਜੋਸ਼ੀ ਨੂੰ ਲੱਭਣ ਲਈ ਵੱਡੀ ਮੁਹਿੰਮ ਚਲਾਈ ਗਈ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੈਪਟਨ ਜੋਸ਼ੀ ਦੀ ਦੇਹ ਬਾਅਦ ਦੁਪਹਿਰ ਲਗਪਗ 2 ਵਜੇ ਡੈਮ ਵਿੱਚੋਂ ਕੱਢ ਲਈ ਗਈ, ਜਿਸ ਨੂੰ ਬਾਅਦ ਵਿੱਚ ਪਠਾਨਕੋਟ ਮਿਲਟਰੀ ਸਟੇਸ਼ਨ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਫ਼ੌਜ ਦਾ ਹੈਲੀਕਾਪਟਰ ਪਠਾਨਕੋਟ ਦੇ ਮਮੂਨ ਸਟੇਸ਼ਨ ਤੋਂ 3 ਅਗਸਤ ਨੂੰ ਉੱਡਿਆ ਸੀ ਤੇ ਹਾਦਸਾਗ੍ਰਸਤ ਹੋ ਗਿਆ ਸੀ। ਕੈਪਟਨ ਜੋਸ਼ੀ ਦੇ ਨਾਲ ਸਵਾਰ ਲੈਫ਼ ਕਰਨਲ ਅਭੀਤ ਸਿੰਘ ਬਾਠ ਦੀ ਲਾਸ਼ 15 ਅਗਸਤ ਨੂੰ ਡੈਮ ਵਿੱਚੋਂ ਹੀ ਬਰਾਮਦ ਕਰ ਲਈ ਗਈ ਸੀ। ਜੰਮੂ ਅਧਾਰਿਤ ਰੱਖਿਆ ਤਰਜਮਾਨ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ, ‘ਭਾਰਤੀ ਫੌਜ ਅਤੇ ਜਲ ਹਵਾਈ ਸੈਨਾ ਦੀਆਂ 75 ਦਿਨਾਂ ਦੀਆਂ ਦਿਨ-ਰਾਤ ਦੀਆਂ ਕੋਸ਼ਿਸ਼ਾਂ ਸਦਕਾ ਕੈਪਟਨ ਜੋਸ਼ੀ ਦੀ ਦੇਹ ਲੱਭਣ ’ਚ ਸਫਲਤਾ ਮਿਲੀ ਹੈ ਅਤੇ ਅਤਿ-ਆਧੁਨਿਕ ਉਪਕਰਨਾਂ ਦੀ ਵਰਤੋਂ ਨਾਲ ਉਸ ਦੀ ਦੇਹ ਝੀਲ ਦੀ ਸਤ੍ਵਾ ਤੋਂ ਬਰਾਮਦ ਕਰ ਲਈ ਗਈ ਹੈ।’ -ਪੀਟੀਆਈ